ਨਵੀਂ ਦਿੱਲੀ, ਦਿੱਲੀ ਏਅਰਪੋਰਟ ਤੋਂ 24 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਹੜਾ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਜਾਣ ਦੀ ਫਿਰਾਕ ’ਚ ਸੀ। ਨੌਜਵਾਨ ਨੇ ਨਾ ਸਿਰਫ਼ ਆਪਣੇ ਵਾਲ ਤੇ ਦਾੜ੍ਹੀ ਨੂੰ ਸਫ਼ੈਦ ਕਲਰ ਕਰ ਲਿਆ ਸੀ, ਸਗੋਂ ਪਾਸਪੋਰਟ ਵੀ ਬਜ਼ੁਰਗ ਹੁਲੀਏ ਵਾਲਾ ਬਣਾ ਲਿਆ ਸੀ ਪਰ ਉਹ ਆਵਾਜ਼ ਤੇ ਚਮੜੀ ਤੋਂ ਫੜਿਆ ਗਿਆ।
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਮੰਗਲਵਾਰ ਸ਼ਾਮ ਨੂੰ ਇਕ ਬਜ਼ੁਰਗ ਸ਼ੱਕ ਹੋਣ ’ਤੇ ਰੋਕਿਆ ਗਿਆ। ਸੁਰੱਖਿਆ ’ਚ ਤਾਇਨਾਤ ਸੀਆਈਐੱਸਐਫ ਮੁਲਾਜ਼ਮਾਂ ਨੇ ਉਸ ਨੂੰ ਪਾਸਪੋਰਟ ਦਿਖਾਉਣ ਲਈ ਕਿਹਾ ਤਾਂ ਉਸ ਨੇ ਪਾਸਪੋਰਟ ਦੇ ਦਿੱਤਾ। ਪਾਸਪੋਰਟ ’ਚ ਨਾਮ ਰਸ਼ਵਿੰਦਰ ਸਿੰਘ ਸਹੋਤਾ ਵਾਸੀ ਜਲੰਧਰ ਲਿਖਿਆ ਸੀ ਤੇ ਉਮਰ 67 ਸਾਲ। ਅਧਿਕਾਰੀ ਨੇ ਕਿਹਾ ਕਿ ਉਸ ਨੇ ਏਅਰ ਕੈਨੇਡਾ ਦੇ ਜਹਾਜ਼ ’ਚ ਸਵਾਰ ਹੋਣਾ ਸੀ। ਸਰੀਰਕ ਬਣਤਰ ਤੋਂ ਸ਼ੱਕ ਹੋਣ ’ਤੇ ਬਰੀਕੀ ਨਾਲ ਜਾਂਚ ਕੀਤੀ ਗਈ। ਉਸ ਨੇ ਆਪਣੀ ਪਛਾਣ 24 ਸਾਲਾ ਗੁਰਸੇਵਕ ਸਿੰਘ ਵਜੋਂ ਦੱਸੀ। ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਸ ਨੇ ਨਕਲੀ ਪਾਸਪੋਰਟ ਕਿੱਥੋਂ ਬਣਾਇਆ ਤੇ ਉਹ ਬਜ਼ੁਰਗ ਦਾ ਭੇਸ ਧਾਰਨ ਕਰ ਕੇ ਕੈਨੇਡਾ ਕਿਉਂ ਜਾ ਰਿਹਾ ਸੀ।