ਮੁੰਬਈ (ਪੀਟੀਆਈ) : ਕ੍ਰਿਕਟ ਖਿਡਾਰੀ ਵਿਰਾਟ ਕੋਹਲੀ 2023 ’ਚ 22.79 ਕਰੋੜ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਭਾਰਤ ਦੇ ਸਭ ਤੋਂ ਕੀਮਤੀ ਸੈਲੀਬ੍ਰਿਟੀ ਬਣ ਗਏ ਹਨ। ਸਲਾਹਕਾਰ ਕੰਪਨੀ ਕ੍ਰਾਲ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਕੋਹਲੀ ਨੇ ਰਣਵੀਰ ਸਿੰਘ ਨੂੰ ਪਿੱਛੇ ਛੱਡਦੇ ਹੋਏ 2022 ਦੇ 17.69 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਦੇ ਮੁਕਾਬਲੇ 29 ਫੀਸਦੀ ਦੀ ਬੜ੍ਹਤ ਹਾਸਲ ਕੀਤੀ ਹੈ। ਰਣਵੀਰ ਸਿੰਘ 20.31 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਦੂਜੇ ਸਥਾਨ ’ਤੇ ਰਹੇ। ਇਸ ਤੋਂ ਪਿਛਲੇ ਸਾਲ ਉਹ ਪਹਿਲੇ ਸਥਾਨ ’ਤੇ ਸਨ। ਕ੍ਰਾਲ ਦੀ ਸੈਲੀਬ੍ਰਿਟੀ ਬਾਂਡ ਮੁਲਾਂਕਣ ਰਿਪੋਰਟ 2023 ਅਨੁਸਾਰ ਕੋਹਲੀ ਦੀ ਬ੍ਰਾਂਡ ਕੀਮਤ ਹਾਲੇ ਵੀ 2020 ਦੇ 23.77 ਕਰੋੜ ਡਾਲਰ ਦੇ ਪੱਧਰ ਤੱਕ ਨਹੀਂ ਪੁੱਜ ਸਕੀ ਹੈ। ‘ਜਵਾਨ’ ਤੇ ‘ਪਠਾਨ’ ਵਰਗੀਆਂ ਫਿਲਮਾਂ ਦੀ ਸਫਲਤਾ ’ਤੇ ਸਵਾਰ ਹੋ ਕੇ 58 ਸਾਲਾ ਅਦਾਕਾਰ ਸ਼ਾਹਰੁਖ ਖਾਨ 2023 ’ਚ ਬ੍ਰਾਂਡ ਮੁੱਲ ਦੇ ਲਿਹਾਜ਼ ਨਾਲ ਤੀਜੇ ਸਥਾਨ ’ਤੇ ਰਹੇ।
ਇਸ ਦੌਰਾਨ ਉਨ੍ਹਾਂ ਦਾ ਬ੍ਰਾਂਡ ਮੁੱਲ 12.07 ਕਰੋੜ ਡਾਲਰ ਸੀ। ਖਾਨ ਦਾ ਬ੍ਰਾਂਡ ਮੁੱਲ 2022 ’ਚ 5.57 ਕਰੋੜ ਡਾਲਰ ਸੀ ਤੇ ਉਹ ਇਸ ਸੂਚੀ ’ਚ ਦਸਵੇਂ ਸਥਾਨ ’ਤੇ ਸਨ। ਮੁਲਾਂਕਣ ਸਲਾਹਕਾਰ ਸੇਵਾਵਾਂ ਲਈ ਫਰਮ ਦੇ ਮੈਨੇਜਿੰਗ ਡਾਇਰੈਕਟਰ ਅਵੀਰਲ ਜੈਨ ਨੇ ਕਿਹਾ ਕਿ ਖਾਨ 2020 ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਸਿਖਰਲੇ ਪੰਜ ਬ੍ਰਾਂਡ ਸੈਲੀਬ੍ਰਿਟੀ ਬਣੇ ਹਨ। ਖਾਨ ਦੀ ਇਸ ਜ਼ੋਰਦਾਰ ਬੜ੍ਹਤ ਕਾਰਨ ਹੋਰਨਾਂ ਹਸਤੀਆਂ ਸੂਚੀ ’ਚ ਪਿੱਛੇ ਖਿਸਕ ਗਈਆਂ ਹਨ। ਇਨ੍ਹਾਂ ’ਚ ਅਕਸ਼ੇ ਕੁਮਾਰ 2022 ਦੇ ਤੀਜੇ ਸਥਾਨ ਤੋਂ 2023 ’ਚ ਚੌਥੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਦਾ ਬ੍ਰਾਂਡ ਮੁੱਲ 11.17 ਕਰੋੜ ਡਾਲਰ ਹੈ। ਇਸੇ ਤਰ੍ਹਾਂ ਆਲੀਆ ਭੱਟ 10.11 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਚੌਥੇ ਸਥਾਨ ਤੋਂ ਪੰਜਵੇਂ ਸਥਾਨ ’ਤੇ ਖਿਸਕ ਗਈ। ਦੀਪਿਕਾ ਪਾਦੂਕੋਣ 2023 ’ਚ 9.6 ਕਰੋੜ ਡਾਲਰ ਦੇ ਨਾਲ ਛੇਵੇਂ ਸਥਾਨ ’ਤੇ ਰਹੀ। ਹਾਲ ਹੀ ਵਿਚ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਐੱਮਐੱਸ ਧੋਨੀ 9.58 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਸੂਚੀ ’ਚ ਸੱਤਵੇਂ ਸਥਾਨ ’ਤੇ ਰਹੇ। ਸਚਿਨ ਤੇਂਦੁਲਕਰ 9.13 ਕਰੋੜ ਡਾਲਰ ਨਾਲ ਅੱਠਵੇਂ ਸਥਾਨ ’ਤੇ ਬਣੇ ਹੋਏ ਹਨ। ਸਲਮਾਨ ਖਾਨ ਇਸ ਸੂਚੀ ’ਚ ਦਸਵੇਂ ਸਥਾਨ ’ਤੇ ਹਨ।