ਨਵੀਂ ਦਿੱਲੀ : ਪਹਿਲਾਂ ਹੀ ਭਿਆਨਕ ਗਰਮੀ ਅਤੇ ਪਾਣੀ ਲਈ ਤਰਸ ਰਹੀ ਦਿੱਲੀ ਨੂੰ ਅੱਜ ਸੁਪਰੀਮ ਕੋਰਟ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡਾ ਝਟਕਾ ਲੱਗਾ ਹੈ। ਗੁਆਂਢੀ ਰਾਜਾਂ ਤੋਂ ਵਾਧੂ ਪਾਣੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚੀ ਦਿੱਲੀ ਸਰਕਾਰ ਦੀ ਪਟੀਸ਼ਨ ‘ਤੇ ਅਦਾਲਤ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਜਿਸ ਨੇ ਪਹਿਲਾਂ ਦਿੱਲੀ ਨੂੰ 137 ਕਿਊਸਿਕ ਪਾਣੀ ਦੇਣ ਦੀ ਸਹਿਮਤੀ ਦਿੱਤੀ ਸੀ, ਨੇ ਵੀ ਅੱਜ ਇਸ ਤੋਂ ਇਨਕਾਰ ਕਰ ਦਿੱਤਾ। ਹਿਮਾਚਲ ਨੇ ਕਿਹਾ, ਉਸ ਕੋਲ ਦਿੱਲੀ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ, ਇਸ ਲਈ ਉਹ ਵਾਧੂ ਪਾਣੀ ਨਹੀਂ ਦੇਵੇਗਾ।