ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕੀਤੀ। ਉਹ ਪਹਿਲਾਂ ਵੀ ਜੇਲ੍ਹ ’ਚ ਕੇਜਰੀਵਾਲ ਨੂੰ ਮਿਲ ਚੁੱਕੇ ਹਨ ਅਤੇ ਹਰ ਵਾਰ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਹੇ ਪਰ ਅੱਜ ਉਹ ਚੁੱਪਚਾਪ ਆਪਣੀ ਕਾਰ ’ਚ ਵਾਪਸ ਚਲੇ ਗਏ।
ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਇਸ ਮੁਲਾਕਾਤ ਵਿੱਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਮੌਜੂਦ ਸਨ। ਦੋਵਾਂ ਨੇਤਾਵਾਂ ਵਿਚਾਲੇ ਜੋ ਕੁਝ ਹੋਇਆ, ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ, ਪਰ ਅਧਿਕਾਰਕ ਤੌਰ ’ਤੇ ਕੁਝ ਨਹੀਂ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਲੋਕ ਸਭਾ ਚੋਣਾਂ ’ਚ ਸੰਗਰੂਰ ਸੀਟ ਤੋਂ ਜਿੱਤ ਗਏ ਹਨ, ਇਸ ਲਈ ਉਨ੍ਹਾਂ ਦੀ ਥਾਂ ’ਤੇ ਕਿਸ ਨੂੰ ਮੰਤਰੀ ਬਣਾਇਆ ਜਾਵੇ? ਇਸ ਸਬੰਧੀ ਗੱਲਬਾਤ ਵੀ ਚੱਲ ਰਹੀ ਸੀ ਪਰ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਬਰਸਟ ਨੇ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਕਰਕੇ ਕਿਹਾ ਕਿ ਮੰਤਰੀ ਮੰਡਲ ਦੇ ਫੇਰਬਦਲ ਦੀਆਂ ਮੀਡੀਆ ’ਚ ਆ ਰਹੀਆਂ ਖਬਰਾਂ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੇ ਆਪਣੇ ‘ਐਕਸ’ ਅਕਾਊਂਟ ’ਤੇ ਇਸ ਸਬੰਧੀ ਇਕ ਪੱਤਰ ਵੀ ਪੋਸਟ ਕੀਤਾ ਹੈ।