ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਉਮੀਦ ਤੋਂ ਉਲਟ ਨਤੀਜਿਆਂ ਤੇ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਮੀਦਵਾਰਾਂ ਅਤੇ ਵਿਧਾਇਕਾਂ ਤੋਂ ਜ਼ਮੀਨੀ ਹਕੀਕਤ ਜਾਨਣ ਲਈ ਸ਼ੁਰੂ ਕੀਤੀਆਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦੂਜੇ ਦਿਨ ਪਟਿਆਲਾ ਅਤੇ ਫਿਰੋਜਪੁਰ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਵਿਚਾਰ ਵਿਟਾਂਦਰਾ ਕੀਤਾ।
ਜਾਣਕਾਰੀ ਅਨੁਸਾਰ ਕੁੱਝ ਵਿਧਾਇਕਾਂ ਨੇ ਹਾਰ ਦਾ ਮੁੱਖ ਕਾਰਨ ਹਿੰਦੂ ਵੋਟ ਬੈਂਕ ਦਾ ਪਾਰਟੀ ਤੋਂ ਦੂਰ ਹੋਣਾ ਦੱਸਿਆ ਹੈ। ਸ਼ਹਿਰੀ ਹਿੰਦੂ ਭਾਈਚਾਰੇ ਵਿਚ ਜਿੱਥੇ ਸ਼੍ਰੀ ਰਾਮ ਮੰਦਿਰ ਮੁੱਦੇ ਦਾ ਅਸਰ ਰਿਹਾ ਹੈ, ਉਥੇ ਕਿਸਾਨ ਦੇ ਅੰਦੋਲਨ ਦਾ ਵਪਾਰੀਆਂ ਦੇ ਕਾਰੋਬਾਰ ’ਤੇ ਅਸਰ ਪਿਆ ਹੈ ਜਿਸ ਕਰਕੇ ਵਪਾਰੀ ਵਰਗ ਦਾ ਰੁਖ਼ ਵੀ ਬਦਲ ਗਿਆ। ਸ਼ਹਿਰਾਂ ਵਿਚ ਹਿੰਦੂ ਵੋਟ ਬੈਂਕ ਦੇ ਖਿਸਕਣ ਕਾਰਨ ਆਪ ਉਮੀਦਵਾਰਾਂ ਦੀ ਅਜਿਹੀ ਹਾਲਤ ਦੇਖਣ ਨੂੰ ਮਿਲੀ ਹੈ। ਬੇਸ਼ੱਕ ਭਾਜਪਾ ਸ਼ਹਿਰੀ ਵੋਟਾਂ ਲੈ ਕੇ ਜਿੱਤ ਹਾਸਲ ਨਹੀਂ ਕਰ ਸਕੀ ਪਰ ਉਸ ਆਪ ਦੇ ਉਮੀਦਵਾਰਾਂ ਨੂੰ ਹਰਾਉਣ ਵਿਚ ਇਸ ਨੇ ਵੱਡੀ ਭੂਮਿਕਾ ਨਿਭਾਈ। ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਇਹ ਅੰਕੜੇ ਵੀ ਰੱਖੇ ਕਿ ਉਨ੍ਹਾਂ ਦੇ ਸਰਕਲਾਂ ਵਿੱਚ ਹਿੰਦੂ ਵੋਟ ਬੈਂਕ ਕਿੱਥੇ ਹੈ ਅਤੇ ਉਨ੍ਹਾਂ ਦੇ ਵੋਟ ਬੈਂਕ ਦੇ ਘਟਣ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋਇਆ ਹੈ। ਜਦਕਿ ਬੀਤੇ ਕੱਲ੍ਹ ਦੀ ਮੀਟਿੰਗ ਵਿਚ ਕੁਝ ਵਿਧਾਇਕਾਂ ਨੇ ਰਾਸ਼ਨ ਕਾਰਡ ਕੱਟੇ ਜਾਣ ਦਾ ਖ਼ਮਿਆਜ਼ਾ ਭੁਗਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦੀ ਗੱਲ ਕਹੀ ਸੀ।