ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ 1 ਜਨਵਰੀ ਨੂੰ ਇਤਿਹਾਸ ਰਚ ਦਿੱਤਾ। ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਬੁਮਰਾਹ ਨਾ ਸਿਰਫ਼ ਗੇਂਦਬਾਜ਼ਾਂ ਦੀ ਸੂਚੀ ‘ਚ ਸਿਖਰ ‘ਤੇ ਬਣੇ ਹੋਏ ਹਨ ਬਲਕਿ ਉਨ੍ਹਾਂ ਨੇ ਕਿਸੇ ਭਾਰਤੀ ਗੇਂਦਬਾਜ਼ ਵੱਲੋਂ ਅਜੇ ਤਕ ਦਾ ਸਭ ਤੋਂ ਵੱਧ ਰੇਟਿੰਗ ਅੰਕ ਵੀ ਹਾਸਲ ਕੀਤਾ ਹੈ। ਬੁਮਰਾਹ ਨੇ ਆਰ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਵੀ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।
ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਨੂੰ ਬਾਰਡਰ-ਗਾਵਸਕਰ ਟਰਾਫੀ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਬੁਮਰਾਹ ਦੋ-ਪੱਖੀ ਸੀਰੀਜ਼ ‘ਚ ਹੁਣ ਤਕ ਦੇ ਸਭ ਤੋਂ ਵਧੀਆ ਗੇਂਦਬਾਜ਼ ਰਹੇ ਹਨ। ਉਨ੍ਹਾਂ 4 ਮੈਚਾਂ ‘ਚ 30 ਵਿਕਟਾਂ ਲਈਆਂ ਹਨ। ਹਾਲਾਂਕਿ ਬੁਮਰਾਹ ਦੇ ਅਸਾਧਾਰਨ ਪ੍ਰਦਰਸ਼ਨ ਦਾ ਨਤੀਜਿਆਂ ‘ਤੇ ਕੋਈ ਅਸਰ ਨਹੀਂ ਪਿਆ, ਕਿਉਂਕਿ ਭਾਰਤੀ ਟੀਮ ਸੀਰੀਜ਼ ਦੇ ਪਹਿਲੇ ਚਾਰ ਮੈਚਾਂ ‘ਚੋਂ 2 ਹਾਰ ਚੁੱਕੀ ਹੈ।