ਮੁਹਾਲੀ। ਪੰਜਾਬ ‘ਚ ਰਾਤ ਨੂੰ ਆਏ ਤੂਫਾਨ ਅਤੇ ਬਾਰਿਸ਼ ਨੇ ਦਿਨੇ ਕੜਾਕੇ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿੱਤੀ ਪਰ ਬੁੱਧਵਾਰ ਸ਼ਾਮ ਨੂੰ ਆਏ ਤੂਫਾਨ ਨੇ ਮੋਹਾਲੀ ਦੇ ਜ਼ੀਰਕਪੁਰ ‘ਚ ਵੱਡਾ ਹਾਦਸਾ ਕਰ ਦਿੱਤਾ। ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ਵਿੱਚ ਇੱਕ ਵੱਡਾ ਯੂਨੀਪੋਲ ਡਿੱਗ ਗਿਆ।
ਯੂਨੀਪੋਲ ਡਿੱਗਣ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਪਰ ਉਥੇ ਖੜ੍ਹੇ ਪੰਜ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਘਟਨਾ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਵਾਪਰੇ ਹਾਦਸੇ ਵਰਗੀ ਸੀ। ਜਿਸ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ‘ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆ ਸਕਦਾ ਹੈ। ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ਵਿੱਚ ਵਾਪਰੀ। ਇੱਥੇ ਸ਼ਾਮ ਕਰੀਬ 4 ਵਜੇ ਤੇਜ਼ ਹਨੇਰੀ ਕਾਰਨ ਵੀਆਈਪੀ ਰੋਡ ’ਤੇ ਸਥਿਤ ਹਾਈ ਸਟਰੀਟ ਮਾਰਕੀਟ ਦੇ ਬੀ-ਬਲਾਕ ਵਿੱਚ ਇੱਕ ਯੂਨੀਪੋਲ ਡਿੱਗ ਗਿਆ। ਇਸ ਘਟਨਾ ਕਾਰਨ ਪੰਜ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਠੱਪ
ਤੂਫਾਨ ਕਾਰਨ ਇਕ ਦਰੱਖਤ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਗਿਆ। ਇਸ ਕਾਰਨ ਕਈ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਦੇ ਜਲੰਧਰ, ਲੁਧਿਆਣਾ, ਫਾਜ਼ਿਲਕਾ, ਬਰਨਾਲਾ, ਰੂਪਨਗਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਸ਼ਾਮ ਨੂੰ ਤੇਜ਼ ਹਨੇਰੀ ਆਈ।