ਬਰਨਾਲਾ: ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਕਿਓਰਿਟੀ ਵਾਪਸ ਲੈਣ ਕਾਰਨ ਹੀ ਮੇਰੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਮੇਰਾ ਇਕ ਪੁੱਤ ਤਾਂ ਦੁਨੀਆ ਤੋਂ ਚੱਲਿਆ ਗਿਆ, ਜਦਕਿ ਮੇਰੇ ਜਿਊਣ ਦੇ ਸਹਾਰੇ ਮੇਰੇ ਦੂਜੇ ਪੁੱਤ ਨੂੰ ਸਰਕਾਰ ਜਨਮ ਹੀ ਨਹੀਂ ਲੈਣ ਦੇਣਾ ਚਾਹੁੰਦੀ ਸੀ। ਇਹ ਪ੍ਰਗਟਾਵਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖ਼ਪਾਲ ਖਹਿਰਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਬਰਨਾਲਾ ਪੁੱਜੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸ਼ੁਭਦੀਪ ਸਿੰਘ ਨੂੰ ਰੋਜ਼ਾਨਾ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਬਾਵਜੂਦ ਸਰਕਾਰ ਵਲੋਂ ਉਸਦੀ ਸਕਿਓਰਟੀ ਵਾਪਿਸ ਲਈ ਗਈ, ਇੱਥੋ ਤੱਕ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵਲੋਂ ਸੋਸ਼ਲ ਮੀਡੀਆ ’ਤੇ ਇਸ ਬਾਰੇ ਜਾਣਕਾਰੀ ਵੀ ਜਨਤਕ ਕੀਤੀ ਗਈ ਕਿ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਿਸ ਲੈ ਲਈ ਗਈ ਹੈ। ਜਿਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੁਭਦੀਪ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸ਼ੁਭਦੀਪ ਸਿੰਘ ਦੇ ਕਾਤਲਾਂ ਦੀਆਂ ਜੇਲ੍ਹਾਂ ’ਚ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜੇਕਰ ਕਾਂਗਰਸ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਇਨਸਾਫ਼ ਜ਼ਰੂਰ ਮਿਲੇਗਾ।
ਖ਼ਹਿਰਾ ਦੇ ਹੱਕ ’ਚ ਨਿੱਤਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਕਿਹਾ – ਸਕਿਓਰਿਟੀ ਵਾਪਸ ਲੈਣ ਕਾਰਨ ਹੀ ਹੋਇਆ ਮੇਰੇ ਪੁੱਤ ਦਾ ਕਤਲ
