ਮਾਨਸਾ : ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ‘ਚ ਲੋਕਸਭਾ ਚੋਣ ਅਜ਼ਾਦ ਉਮੀਦਵਾਰ ਵੱਜੋਂ ਲੜਣ ਦਾ ਐਲਾਨ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆਈ ਯੂਨੀਅਨ ਦੀ ਆਗੂ ਵੱਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਹੁਣ ਬਦਲਾਅ ਵਾਲੀ ਸਰਕਾਰ ਵੱਲੋਂ ਵਾਅਦੇ ਪੂਰ੍ਹੇ ਨਾ ਕੀਤੇ ਜਾਣ ਦੇ ਰੋਸ ਵੱਜੋਂ ਉਸ ਨੇ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਦੇ ਪਹਿਲਾਂ ਕੇਜਰੀਵਾਲ ਨੇ ਉਨ੍ਹਾਂ ਨੂੰ ਮੋਹਾਲੀ ‘ਚ ਟੈਂਕੀ ‘ਤੇ ਚੜ੍ਹਿਆ ਦੇਖ ਹੋਰਨਾਂ ਪਿਛਲੀਆਂ ਸਰਕਾਰਾਂ ਨੂੰ ਝੂਠੀਆਂ ਤੇ ਵਾਅਦੇ ਨਾ ਨਿਭਾਉਣ ਵਾਲੀਆਂ ਕਰਾਰ ਦਿੰਦਿਆਂ ਉਨ੍ਹਾਂ ਨੂੰ ਉਤਰਨ ਲਈ ਕਿਹਾ ਸੀ। ਉਨ੍ਹਾਂ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ‘ਤੇ ਉਨ੍ਹਾਂ ਦੇ ਦਿਨ ਬਦਲਣ ਦੀ ਗੱਲ ਕੀਤੀ ਸੀ। ਸਿੱਪੀ ਸ਼ਰਮਾ ਨੇ ਕਿਹਾ ਕਿ ਸਾਡੇ ਦਿਨ ਤਾਂ ਨਹੀਂ ਬਦਲੇ, ਪਰ ‘ਆਪ’ ਦੇ ਪੰਜਾਬ ’ਚ ਦਿਨ ਜ਼ਰੂਰ ਬਦਲ ਗਏ ਹਨ। ਉਨ੍ਹਾ ਕਿਹਾ ਕਿ ਨਾ ਅਜੇ ਤੱਕ ਬੇਰੁਜ਼ਗਾਰੀ ਖ਼ਤਮ ਹੋਈ ਹੈ ਅਤੇ ਨਾ ਹੀ ਨਸ਼ਾ ਖ਼ਤਮ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੇ ਮਾਨਸਾ ‘ਚ ਨਸ਼ੇ ਦੇ ਖ਼ਿਲਾਫ਼ ਅਵਾਜ਼ ਉਠਾਈ ਸੀ, ਪਰ ਉਸ ਨੂੰ ਦਬਾਉਣ ਦੀ ਕੋਸਿਸ਼ ਕੀਤੀ ਗਈ। ਉਸ ਨੇ ਕਿਹਾ ਕਿ ਹੁਣ ਉਸ ਨੇ ਮਨ ਬਣਾ ਲਿਆ ਹੈ ਕਿ ਉਹ ਇਹ ਚੋਣ ਲੜੇਗੀ ਅਤੇ 10 ਮਈ ਨੂੰ ਸੰਗਰੂਰ ‘ਚ ਕਾਗਜ਼ ਦਾਖ਼ਲ ਕਰੇਗੀ।