ਐਡਮਿੰਟਨ: ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧ ‘ਚ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਮਗਰੋਂ ਆਪਣੀ ਪਹਿਲੀ ਜਨਤਕ ਟਿੱਪਣੀ ਦੌਰਾਨ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਇਹ ਇਕ ਘਰੇਲੂ ਅਪਰਾਧਕ ਮਾਮਲਾ ਹੈ। ਇਸੇ ਦੌਰਾਨ ਉਨ੍ਹਾਂ ਨੇ ਕੈਨੇਡਾ ‘ਚ ਸਿੱਖ ਸਮੂਹ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਖਾਲਿਸਤਾਨੀ ਸਮਰਥਕ ਜੋ ਆਪਣੇ ਵਤਨ ਨੂੰ ਭਾਰਤ ਤੋਂ ਵੱਖ ਕਰਨ ਦੀ ਮੰਗ ਕਰ ਰਹੇ ਹਨ, ਉਹ ਇਕ ਵੱਡੀ ਲਾਲ ਲਕੀਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਇਕ ਰਾਸ਼ਟਰੀ ਸੁਰੱਖਿਆ ਮਾਮਲੇ ਵਜੋਂ ਦੇਖਦੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਦੋਸ਼ ਲਾਇਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੈ। ਨਿੱਝਰ ਨੇ ਖਾਲਿਸਤਾਨ ਬਣਾਉਣ ਦੀ ਵਕਾਲਤ ਕੀਤੀ ਸੀ।
ਨਿੱਝਰ ਕੇਸ ‘ਚ ਗ੍ਰਿਫ਼ਤਾਰ ਭਾਰਤੀਆਂ ਨੂੰ ਅੱਜ ਅਦਾਲਤ ‘ਚ ਵਰਚੂਅਲ ਪੇਸ਼ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਭਾਰਤ ਸਰਕਾਰ ਦੀ ਨਿੱਝਰ ਕਤਲ ਮਾਮਲੇ ‘ਚ ਕੋਈ ਸ਼ਮੂਲੀਅਤ ਸੀ ਕਿ ਨਹੀਂ। ਵਰਮਾ ਨੇ ਇਹ ਵੀ ਕਿਹਾ ਕਿ ਉਸ ਦੀ ਮੁੱਖ ਚਿੰਤਾ ਕੈਨੇਡਾ ਦੀ ਧਰਤੀ ਤੋਂ ਪੈਦਾ ਹੋਣ ਵਾਲੇ ਰਾਸ਼ਟਰੀ ਸੁਰੱਖਿਆ ਦੇ ਖਤਰੇ ਤੋਂ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ, ਇਸ ਲਈ ਜੋ ਵੀ ਪਰਵਾਸ ਕਰਦਾ ਹੈ ਉਸ ਨੂੰ ਵਿਦੇਸ਼ੀ ਹੀ ਮੰਨਿਆ ਜਾਂਦਾ ਹੈ।