ਪਾਰਟੀ ਤੇ ਆਗੂ ਮੇਰੇ ਸੁਆਲਾਂ ਦੇ ਜਵਾਬ ਦੇਣ: ਵਿਜੇ ਸਾਂਵਲਾ

ਭਾਜਪਾ ਤੋਂ ਖਫ਼ਾ ਚੱਲ ਰਹੇ ਵਿਜੈ ਸਾਂਪਲਾ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਹ ਭਾਜਪਾ ਦੇ ਸਿਪਾਹੀ ਹੀ ਰਹਿਣਗੇ ਪਰ ਪਾਰਟੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਪਰ ਵਫ਼ਾਦਾਰੀ ਉਨ੍ਹਾਂ ਲਈ ਦੇਣਦਾਰੀ ਬਣ ਗਈ ਹੈ। ਜੇ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਦਿੰਦੀ ਤਾਂ ਉਹ ਸਾਰੇ ਆਲੋਚਨਾਕਾਰ ਚੁੱਪ ਹੋ ਜਾਂਦੇ ਜੋ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਨੇ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ। ਜਦੋਂ ਉਨ੍ਹਾਂ ਨੂੰ ਐੱਸਸੀ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਮਿੰਟ ਨਹੀਂ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਅਤੇ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਕਰਨ ਕਰਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਹੱਲਾਸ਼ੇਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਭ੍ਰਿਸ਼ਟ ਜਾਂ ਦਾਗਦਾਰ ਹਨ ਤਾਂ ਪਾਰਟੀ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਕੇ ਜੇਲ੍ਹ ਭੇਜ ਦੇਵੇ ਤੇ ਜੇ ਉਹ ਪਾਕ ਸਾਫ਼ ਹਨ ਤਾਂ ਪਾਰਟੀ ਦੇ ਅੰਦਰ ਬੈਠੇ ਉਨ੍ਹਾਂ ਬੰਦਿਆਂ ਖਿਲਾਫ਼ ਕਾਰਵਾਈ ਕਰੇ ਜੋ ਉਨ੍ਹਾਂ ਦਾ ਅਤੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਕਰਨਾ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ।
ਸ੍ਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਅੱਗੇ ਰੱਖ ਦਿੱਤੀ ਹੈ ਅਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਇਹ ਮਸਲੇ ਪਾਰਟੀ ਹਾਈ ਕਮਾਨ ਕੋਲ ਉਠਾਉਣਗੇ। ਸ੍ਰੀ ਸਾਂਪਲਾ ਨੂੰ ਮਨਾਉਣ ਲਈ ਅੱਜ ਜਾਖੜ ਅਤੇ ਰੂਪਾਨੀ ਉਨ੍ਹਾਂ ਦੇ ਘਰ ਆਏ ਸਨ ਪਰ ਲੰਬਾ ਸਮਾਂ ਗੱਲਬਾਤ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਰਾਜ਼ੀ ਨਹੀਂ ਕਰ ਸਕੇ ਅਤੇ ਦੋਵੇਂ ਆਗੂਆਂ ਨੂੰ ਇਕੱਲਿਆਂ ਹੀ ਪਾਰਟੀ ਦੀ ਚੋਣ ਮੀਟਿੰਗ ਦੌਰਾਨ ਹੋਟਲ ਵਿੱਚ ਜਾਣਾ ਪਿਆ। ਵਿਜੈ ਰੂਪਾਨੀ ਨੇ ਕਿਹਾ ਕਿ ਸਾਂਪਲਾ ਪਾਰਟੀ ਦੇ ਬੇਹੱਦ ਸੀਨੀਅਰ ਆਗੂ ਹਨ।

Leave a Reply

Your email address will not be published. Required fields are marked *