ਫਰੀਦਾਬਾਦ : ਜਿਸ ਦਿਨ ਡੋਲੀ ਉੱਠਣੀ ਸੀ, ਉਸੇ ਦਿਨ ਅਰਥੀ ਉੱਠੀ। ਅਜਿਹਾ ਹੀ ਕੁਝ ਬਦਰਪੁਰ ਦੇ ਮੋਲੜਬੰਦ ‘ਚ ਰਹਿਣ ਵਾਲੀ 23 ਸਾਲਾ ਅੰਕਿਤਾ ਨਾਲ ਹੋਇਆ। ਅੰਕਿਤਾ ਦੇ ਵਿਆਹ ਦੀ ਬਰਾਤ ਸੋਮਵਾਰ ਨੂੰ ਆਉਣੀ ਸੀ। ਪਰ ਸਵੇਰੇ ਚਾਰ ਵਜੇ ਦੇ ਕਰੀਬ ਸਰਾਏ ਖਵਾਜ਼ਾ ਥਾਣੇ ਅਧੀਨ ਪੈਂਦੇ ਬਾਈਪਾਸ ’ਤੇ ਹਨੇਰੇ ’ਚ ਖੜ੍ਹੇ ਕੈਂਟਰ ਨਾਲ ਉਸ ਦੀ ਕਾਰ ਟਕਰਾ ਗਈ। ਹਾਦਸੇ ‘ਚ ਅੰਕਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਉਸ ਦਾ ਭਰਾ, ਚਚੇਰਾ ਭਰਾ ਤੇ ਸਹੇਲੀ ਗੰਭੀਰ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਦਿੱਲੀ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਅੰਕਿਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ। ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਹਾਦਸੇ ਤੋਂ ਬਾਅਦ ਜਸ਼ਨ ਮਨਾ ਰਹੇ ਰਿਸ਼ਤੇਦਾਰ ਸੋਗ ‘ਚ ਡੁੱਬੇ ਹੋਏ ਹਨ। ਰਿਸ਼ਤੇਦਾਰਾਂ ਸਮੇਤ ਆਂਢੀ-ਗੁਆਂਢੀਆਂ ਦਾ ਅੱਖਾਂ ‘ਚ ਹੰਝੂ ਹਨ।