ਦੁਬਈ, 15 ਮਾਰਚ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਇਸ ਸਮੇਂ ਪ੍ਰਯੋਗ ਵਜੋਂ ਚੱਲ ਰਹੇ ‘ਸਟਾਪ ਕਲਾਕ’ ਨਿਯਮ ਨੂੰ ਅਗਾਮੀ ਟੀ-20 ਵਿਸ਼ਵ ਕੱਪ 2024 ਤੋਂ ਇੱਕ ਰੋਜ਼ਾ ਅਤੇ ਟੀ-20 ਕੌਮਾਂਤਰੀ ਵਿੱਚ ਹਮੇਸ਼ਾ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਆਈਸੀਸੀ ਵੱਲੋਂ ਅੱਜ ਦਿੱਤੀ ਗਈ ਹੈ। ਨਿਯਮ ਅਨੁਸਾਰ ਫੀਲਡਿੰਗ ਕਰਨ ਵਾਲੀ ਟੀਮ ਨੂੰ ਪਿਛਲਾ ਓਵਰ ਖ਼ਤਮ ਹੋਣ ਦੇ 60 ਸੈਕਿੰਡ ਦੇ ਅੰਦਰ ਨਵਾਂ ਓਵਰ ਸ਼ੁਰੂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮੈਦਾਨ ’ਤੇ ਲੱਗੀ ‘ਇਲੈਕਟ੍ਰਾਨਿਕ’ ਘੜੀ 60 ਤੋਂ ਸਿਫ਼ਰ ਤੱਕ ਪੁੱਠੀ ਗਿਣਤੀ ਸ਼ੁਰੂ ਕਰ ਦੇਵੇਗੀ। ਤੀਸਰਾ ਅੰਪਾਇਰ ਘੜੀ ਸ਼ੁਰੂ ਕਰਨ ਦਾ ਸਮਾਂ ਤੈਅ ਕਰ ਸਕਦਾ ਹੈ। ਆਈਸੀਸੀ ਨੇ ‘ਸਟਾਪ ਕਲਾਕ’ ਨਿਯਮ ਦਸੰਬਰ 2023 ਵਿੱਚ ਸ਼ੁਰੂ ਕੀਤਾ ਸੀ ਅਤੇ ਹਾਲੇ ਇਸ ’ਤੇ ਪ੍ਰਯੋਗ ਚੱਲ ਰਿਹਾ ਹੈ ਜਿਸ ਨੂੰ ਪਹਿਲੀ ਜੂਨ 2024 ਨੂੰ ਸਥਾਈ ਕਰ ਦਿੱਤਾ ਜਾਵੇਗਾ। ਫੀਲਡਿੰਗ ਕਰਨ ਵਾਲੀ ਟੀਮ ਵੱਲੋਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਦੋ ਵਾਰ ਚਿਤਾਵਨੀ ਦਿੱਤੀ ਜਾਵੇਗੀ ਅਤੇ ਫਿਰ ਉਲੰਘਣਾ ਕਰਨ ’ਤੇ ਹਰੇਕ ਘਟਨਾ ਲਈ ਪੰਜ ਦੌੜਾਂ ਦਾ ਜੁਰਮਾਨਾ ਲਾਇਆ ਜਾਵੇਗਾ। -ਪੀਟੀਆਈ