ਇਸਲਾਮਾਬਾਦ, 11 ਮਾਰਚ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਜ਼ਰਦਾਰੀ ਨੇ ਇਤਿਹਾਸਕ ਫ਼ੈਸਲਾ ਕਰਦਿਆਂ ਆਪਣੀ 31 ਸਾਲਾ ਧੀ ਆਸਿਫ਼ਾ ਭੁੱਟੋ ਨੂੰ ਰਸਮੀ ਤੌਰ ’ਤੇ ਦੇਸ਼ ਦੀ ਪਹਿਲੀ ਮਹਿਲਾ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲੀ ਮਹਿਲਾ ਦਾ ਦਰਜਾ ਆਮ ਤੌਰ ‘ਤੇ ਰਾਸ਼ਟਰਪਤੀ ਦੀ ਪਤਨੀ ਨੂੰ ਦਿੱਤਾ ਜਾਂਦਾ ਹੈ ਪਰ 2007 ਵਿੱਚ ਉਨ੍ਹਾਂ ਦੀ ਪਤਨੀ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ ਸੀ। ਭੁੱਟੋ ਦੀ ਮੌਤ ਤੋਂ ਬਾਅਦ ਜ਼ਰਦਾਰੀ ਨੇ ਦੁਬਾਰਾ ਵਿਆਹ ਨਹੀਂ ਕੀਤਾ। ਜ਼ਰਦਾਰੀ ਦੀ ਵੱਡੀ ਬੇਟੀ ਬਖਤਾਵਰ ਭੁੱਟੋ ਜ਼ਰਦਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ‘ਚ ਆਸਿਫਾ ਨੂੰ ਟੈਗ ਕੀਤਾ। ਟਵੀਟ ‘ਚ ਲਿਖਿਆ ਗਿਆ, ‘ਰਾਸ਼ਟਰਪਤੀ ਆਸਿਫ ਜ਼ਰਦਾਰੀ ਨੂੰ ਉਨ੍ਹਾਂ ਦੀਆਂ ਸਾਰੀਆਂ ਅਦਾਲਤੀ ਸੁਣਵਾਈਆਂ ‘ਚ ਸਾਥ ਦੇਣ ਤੋਂ ਲੈ ਕੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਲਈ ਲੜਨ ਤੱਕ ਹੁਣ ਪਾਕਿਸਤਾਨ ਦੀ ਪਹਿਲੀ ਮਹਿਲਾ ਦੇ ਰੂਪ ‘ਚ ਉਨ੍ਹਾਂ ਦੇ ਨਾਲ ਖੜ੍ਹੀ ਹੈ।’’ ਬਖਤਾਵਰ ਨੇ ਪੋਸਟ ਦੇ ਅੰਤ ‘ਚ ਆਸਿਫਾ ਦਾ ਨਾਂ ਲਿਆ।