ਅੰਮ੍ਰਿਤਸਰ, 23 ਅਗਸਤ (ਦਲਜੀਤ ਸਿੰਘ)- ਬੀਤੇ ਦਿਨੀ ਕਿਸਾਨੀ ਮੁੱਦੇ ’ਤੇ ਅਵਾਜ਼ ਉਠਾਉਣ ਅਤੇ ਆਪਣੀ ਹੀ ਪਾਰਟੀ ਵਲੋਂ ਕੱਢੇ ਗਏ ਅਨਿਲ ਜੋਸ਼ੀ 20 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ’ਚ ਸ਼ਮੂਲੀਅਤ ਕਰਨ ਵਾਲੇ ਸਾਰੇ ਸਾਬਕਾ ਭਾਜਪਾ ਆਗੂ ਵੀ ਮੌਜੂਦ ਸਨ। ਅਨਿਲ ਜੋਸ਼ੀ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਕਿਸਾਨ ਭਾਈਚਾਰੇ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ’ਤੇ ਜਦੋਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਕੱਢਿਆ ਸੀ, ਉਦੋਂ ਵੀ ਉਨ੍ਹਾਂ ਨੇ ਵਾਹਿਗੁਰੂ ਜੀ ਦੇ ਦਰ ’ਤੇ ਆ ਕੇ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ, ਜਿਸਦੇ ਚਲਦੇ ਉਹ ਜਨਤਾ ਦੀ ਸੇਵਾ ਕਰ ਸਕਣ। ਇਸ ਸੰਬਧੀ ਜਦੋ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਦੀ ਬਾਂਹ ਫੜੀ ਗਈ ਤਾਂ ਉਹ 20 ਅਗਸਤ ਨੂੰ ਚੰਡੀਗੜ੍ਹ ਵਿਖੇ ਉਸ ਪਾਰਟੀ ਵਿੱਚ ਸ਼ਾਮਲ ਹੋਏ। ਇਸੇ ਲਈ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ।
ਅਨਿਲ ਜੋਸ਼ੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ ਅਤੇ 2022 ’ਚ ਸਰਕਾਰ ਬਣਨ ’ਤੇ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਏਜੰਡਾ ਹੈ-ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ। ਸ਼੍ਰੋਮਣੀ ਅਕਾਲੀ ਦਲ ਇਕਲੌਤੀ ਪਾਰਟੀ ਹੈ, ਜਿਸ ’ਚ ਹਰ ਵਰਗ ਨੂੰ ਨੁਮਾਇੰਦਗੀ ਮਿਲਦੀ ਹੈ ਅਤੇ ਹਰ ਵਰਗ ਦੇ ਭਲੇ ਦੀ ਗੱਲ ਕਰਦੀ ਹੈ। ਇਥੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਅਨਿਲ ਜੋਸ਼ੀ ਨੇ ਦੱਸਿਆ ਕਿ 28 ਅਗਸਤ ਨੂੰ ਅੰਮ੍ਰਿਤਸਰ ਹਲਕਾ ਉੱਤਰੀ ’ਚ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਸ਼ਿਰਕਤ ਕੀਤੀ ਜਾਵੇਗੀ। ਦੱਸ ਦੇਈਏ ਕਿ ਇਥੇ ਅਨਿਲ ਜੋਸ਼ੀ ਤੇ ਹੋਰਨਾਂ ਆਗੂਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਘਰ ਦੀ ਬਖਸ਼ਿਸ਼ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਬਿਆਨ ਕਿ ਭਾਜਪਾ ਆਗੂਆਂ ਦੀ ਅਕਾਲੀ ਦਲ ’ਚ ਸ਼ਮੂਲੀਅਤ ਖ਼ਤਰਨਾਕ ਸਾਜਿਸ਼ ਹੈ, ਸਬੰਧੀ ਜਵਾਬ ਦਿੰਦਿਆ ਉਨ੍ਹਾ ਨੇ ਕਿਹਾ ਕਿ ‘ਆਪ’ ਦੇ ਸਾਰੇ ੰਲ਼ਅ ਰਿਮੌਟ ਨਾਲ ਚਲਣ ਵਾਲੇ ਖਿਡੌਣੇ ਹਨ। ਇਨ੍ਹਾਂ ਨੂੰ ਇਕੋ ਇਕ ਆਦਮੀ ਚਲਾ ਰਿਹਾ ਹੈ ਅਤੇ ਪਾਰਟੀ ਦਾ ਅਸਲ ਚਿਹਰਾ ਪਛਾਣਨ ਵਾਲੇ ਅਨੇਕਾਂ ਉੱਚ ਆਗੂ ਪਾਰਟੀ ਨੂੰ ਛੱਡ ਚੁੱਕੇ ਹਨ।