ਟੱਲੇਵਾਲ(ਬਰਨਾਲਾ), 4 ਮਾਰਚ
ਅਕਾਲੀ ਦਲ ਅੰਮ੍ਰਿਤਸਰ ਵਲੋਂ ਬਠਿੰਡਾ-ਅੰਬਾਲਾ ਰੇਲ ਪਟੜੀ ਨੂੰ ਅੱਜ ਜਾਮ ਕੀਤਾ ਗਿਆ। ਬਰਨਾਲਾ ਦੇ ਸੇਖਾਂ ਪਿੰਡ ਦੇ ਰੇਲਵੇ ਸਟੇਸ਼ਨ ਉਪਰ ਰੇਲਵੇ ਟਰੈਕ ਉਪਰ ਪਾਰਟੀ ਦੇ ਵਰਕਰ ਵਲੋਂ ਪ੍ਰਦਰਸ਼ਨ ਕੀਤਾ ਗਿਆ। ਦਲ ਦੇ ਵਰਕਰਾਂ ਵਲੋਂ ਰੇਲਵੇ ਟਰੈਕ ਉਪਰ ਬੈਠਦਿਆਂ ਹੀ ਪੁਲੀਸ ਹਰਕਤ ਵਿੱਚ ਆ ਗਈ ਅਤੇ ਟਰੈਕ ਉਪਰ ਬੈਠੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀਆਂ ਵਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜੱਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਪੰਜਾਬ ਜੇਲ੍ਹ ਤਬਦੀਲੀ, ਕਿਸਾਨਾਂ ਉਪਰ ਕੀਤੀ ਹਰਿਆਣਾ ਪੁਲੀਸ ਦੀ ਕਾਰਵਾਈ ਖ਼ਿਲਾਫ਼ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਹੱਕ ’ਚ ਧਰਨਾ ਦਿੱਤਾ ਗਿਆ। ਕੱਲ੍ਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਪਾਰਟੀ ਵਰਕਰਾਂ ਨੇ ਅੱਜ ਬਰਨਾਲਾ ਵਿੱਚ ਰੇਲ ਮਾਰਗ ਜਾਮ ਕੀਤਾ ਗਿਆ। ਪੁਲੀਸ ਨੇ ਦਲ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਉਂਕਾਰ ਸਿੰਘ ਬਰਾੜ, ਗੁਰਤੇਜ ਸਿੰਘ, ਹਰਬੰਸ ਸਿੰਘ, ਜੱਸਾ ਸਿੰਘ ਮਾਣਕੀ ਅਤੇ ਐਡਵੋਕੇਟ ਮਨਵੀਰ ਕੌਰ ਰਾਹੀ ਸਮੇਤ ਵੱਡੀ ਗਿਣਤੀ ਪਾਰਟੀ ਵਰਕਰਾਂ ਨੂੰ ਹਿਰਾਸਤ ਵਿਚ ਲਿਆ।