ਸ਼ਿਮਲਾ, 28 ਫਰਵਰੀ
ਸਿਆਸੀ ਸੰਕਟ ਦੇ ਬਾਵਜੂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ ਅਤੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਸ੍ਰੀ ਸੁੱਖੂ ਵੱਲੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਦੀਆਂ ਖ਼ਬਰਾਂ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ, ‘ਮੈਂ ਅਸਤੀਫ਼ਾ ਨਹੀਂ ਦਿੱਤਾ ਹੈ। ਮੈਂ ਯੋਧਾ ਹਾਂ, ਲੜਦਾ ਰਹਾਂਗਾ।’ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਪੰਜ ਸਾਲ ਸੱਤਾ ਵਿੱਚ ਰਹੇਗੀ। ਆਪਣੇ ਕੈਬਨਿਟ ਸਹਿਯੋਗੀ ਵਿਕਰਮਾਦਿੱਤਿਆ ਸਿੰਘ ਦੇ ਅਸਤੀਫੇ ‘ਤੇ ਮੁੱਖ ਮੰਤਰੀ ਨੇ ਕਿਹਾ, ‘ਉਹ ਮੇਰਾ ਭਰਾ ਹੈ। ਉਸ ਦੀਆਂ ਕੁਝ ਸ਼ਿਕਾਇਤਾਂ ਹਨ ਅਤੇ ਉਸ ਨੇ ਮੇਰੇ ਨਾਲ ਕਈ ਵਾਰ ਗੱਲ ਕੀਤੀ ਹੈ। ਮਾਮਲਾ ਸੁਲਝਾ ਲਵਾਂਗੇ।’ ਇਸ ਦੌਰਾਨ ਸ਼ਾਮ ਨੂੰ ਇੱਥੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਣ ਵਾਲੀ ਹੈ। ਪਾਰਟੀ ਨੇ ਅਬਜ਼ਰਵਰਾਂ ਨੂੰ ਸੂਬੇ ਦੇ ਸਾਰੇ ਵਿਧਾਇਕਾਂ ਨਾਲ ਗੱਲ ਕਰਨ ਅਤੇ ਸੰਕਟ ‘ਤੇ ਇਕ ਵਿਆਪਕ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ ਹੈ।