ਦੁਬਈ, 22 ਫਰਵਰੀ
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਲੜੀ ’ਚ ਲਗਾਤਾਰ ਦੋ ਦੋਹਰੇ ਸੈਂਕੜਿਆਂ ਸਦਕਾ ਆਈਸੀਸੀ ਟੈਸਟ ਬੱਲੇਬਾਜ਼ ਦਰਜਬੰਦੀ ’ਚ ਸਿਖਰਲੇ 20 ਖਿਡਾਰੀਆਂ ’ਚ ਜਗ੍ਹਾ ਬਣਾਉਂਦਿਆਂ 14 ਸਥਾਨਾਂ ਦੇ ਫਾਇਦੇ ਨਾਲ ਸੂਚੀ ਵਿੱਚ 15ਵੇਂ ਸਥਾਨ ’ਤੇ ਆ ਗਿਆ ਹੈ। ਰਾਜਕੋਟ ਟੈਸਟ ’ਚ ‘ਪਲੇਅਰ ਆਫ ਦਿ ਮੈਚ’ ਰਿਹਾ ਰਵਿੰਦਰ ਜਡੇਜਾ ਵੀ 41ਵੇਂ ਸਥਾਨ ਤੋਂ 34ਵੇਂ ’ਤੇ ਪਹੁੰਚ ਗਿਆ ਹੈ। ਟੈਸਟ ਹਰਫਨਮੌਲਾ ਖਿਡਾਰੀਆਂ ਦੀ ਦਰਜਾਬੰਦੀ ’ਚ ਰਵਿੰਦਰ ਜਡੇਜਾ ਤੇ ਆਰ. ਅਸ਼ਿਵਨ ਪਹਿਲੇ ਦੋ ਸਥਾਨਾਂ ’ਤੇ ਬਰਕਰਾਰ ਹਨ। ਦਰਜਾਬੰਦੀ ’ਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਰੋਹਿਤ ਸ਼ਰਮਾ ਇੱਕ ਸਥਾਨ ਤੇ ਸ਼ੁੱਭਮਨ ਗਿੱਲ ਤਿੰਨ ਸਥਾਨਾਂ ਦੇ ਫਾਇਦੇ ਨਾਲ ਕ੍ਰਮਵਾਰ 12ਵੇਂ ਤੇ 35ਵੇਂ ਸਥਾਨ ’ਤੇ ਆ ਗਏ ਹਨ। ਸਰਫਰਾਜ਼ ਖ਼ਾਨ ਨੂੰ 75ਵਾਂ ਤੇ ਧਰੁਵ ਜੁਰੇਲ ਨੂੰ 100ਵਾਂ ਸਥਾਨ ਮਿਲਿਆ ਹੈ। ਵਿਰਾਟ ਕੋਹਲੀ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ ਇਕਲੌਤਾ ਭਾਰਤੀ ਹੈ, ਜੋ ਸੂਚੀ ’ਚ 7ਵੇਂ ਸਥਾਨ ’ਤੇ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਪਹਿਲੇ ਸਥਾਨ ’ਤੇ ਹੈ ਜਿਸ ਮਗਰੋਂ ਸਟੀਵ ਸਮਿਥ ਤੇ ਡੈਰਿਲ ਮਿਚੇਲ ਦਾ ਨੰਬਰ ਹੈ। -ਪੀਟੀਆਈ