ਲੰਬੀ, 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਭਾਰਤ ਬੰਦ ਨੂੰ ਅੱਜ ਲੰਬੀ ਹਲਕੇ ਵਿੱਚ ਸਮੂਹ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਹਲਕੇ ਵਿਚ ਲੰਬੀ, ਮੰਡੀ ਕਿੱਲਿਆਂਵਾਲੀ, ਪਿੰਡ ਬਾਦਲ ਵਿਖੇ ਬਾਜ਼ਾਰ ਅਤੇ ਕਾਰੋਬਾਰ ਬੰਦ ਰੱਖੇ ਗਏ। ਦੁਕਾਨਦਾਰਾਂ ਨੇ ਸੱਦੇ ਦੀ ਹਮਾਇਤ ਵਿੱਚ ਆਪੋ-ਆਪਣੀਆਂ ਦੁਕਾਨਾਂ ਪੂਰਨ ਤੌਰ ‘ਤੇ ਬੰਦ ਰੱਖੀਆਂ। ਮੰਡੀ ਕਿੱਲਿਆਂਵਾਲੀ ਦੇ ਸਮੂਹ ਦੁਕਾਨਦਾਰਾਂ ਨੇ ਧਰਨੇ ਵਿਚ ਬੈਠੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਲਈ ਦਿਨ ਭਰ ਚਾਹ ਅਤੇ ਬਿਸਕੁਟਾਂ ਦਾ ਲੰਗਰ ਚਲਾਇਆ। ਕੌਮੀ ਹੜਤਾਲ ਦੇ ਮੱਦੇਨਜ਼ਰ ਅੱਜ ਖੇਤਰ ਵਿਚ ਰੋਡਵੇਜ਼ ਅਤੇ ਨਿੱਜੀ ਬੱਸਾਂ ਵੀ ਬੰਦ ਰਹੀਆਂ। ਹਲਕੇ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਮੰਡੀ ਕਿੱਲਿਆਂਵਾਲੀ ਵਿਖੇ ਬਲਾਕ ਪੱਧਰੀ ਧਰਨਾ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ (ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿ.), ਡੇਮੋਕ੍ਰੇਟਿਕ ਟੀਚਰ ਫਰੰਟ ਬਲਾਕ ਲੰਬੀ, ਖੇਤ ਮਜ਼ਦੂਰ ਸਭਾ ਦੇ ਕਾਰਕੁਨ ਅਤੇ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਲਛਮਣ ਸੇਵੇਵਾਲਾ, ਗੁਰਪਾਸ਼ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਦਿਲਾਵਰ ਸਿੰਘ, ਅਧਿਆਪਕ ਆਗੂ ਕੁਲਦੀਪ ਖੁੱਡੀਆਂ, ਗੁਰਪ੍ਰੀਤ ਲੰਬੀ, ਨਾਨਕ ਚੰਦ ਬਜਾਜ, ਨਿਸ਼ਾਨ ਸਿੰਘ ਕਖਾਂਵਾਲੀ, ਦਲਜੀਤ ਮਿਠੜੀ, ਜਗਸੀਰ ਗੱਗੜ, ਤਰਸੇਮ ਮਿਠੜੀ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀ, ਖਣਿਜ ਖਾਨਾਂ, ਜੰਗਲ, ਜ਼ਮੀਨ, ਪਾਣੀ, ਬਿਜਲੀ, ਸਿੱਖਿਆ, ਸਿਹਤ ਸੇਵਾਵਾਂ, ਬੈਂਕ, ਆਵਾਜਾਈ, ਦੂਰਸੰਚਾਰ ਅਤੇ ਰੇਲਵੇ ਸਮੇਤ ਹੋਰਨਾਂ ਸੇਵਾਵਾਂ ਦੇ ਖੇਤਰਾਂ ਵਿਚ ਕਾਰਪੋਰੇਟ ਸਾਮਰਾਜੀਆਂ ਅਤੇ ਜਗੀਰਦਾਰ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਤਹਿਤ ਸਮੁੱਚੇ ਮੁਲਕ ਨੂੰ ਬੇਰੁਜ਼ਗਾਰੀ, ਮਹਿੰਗਾਈ ਜਿਹੀਆਂ ਅਲਾਮਤਾਂ ਦੇ ਮੂੰਹ ਧੱਕਿਆ ਜਿਹਾ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਏਜੰਡੇ ਨੂੰ ਲਾਗੂ ਕਰਨ ਲਈ ਫਾਸ਼ੀਵਾਦੀ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਇਸ ਮੌਕੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਦਿੱਲੀ ਕੂਚ ਕਰਦੇ ਕਿਸਾਨਾਂ ਦੇ ਰਾਹ ਰੋਕਣ ਅਤੇ ਜਬਰ ਢਾਹੁਣ ਵਾਲੇ ਕਦਮਾਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਫੁਲੇਲ ਸਿੰਘ ਖਿਓਵਾਲੀ, ਜਗਤਾਰ ਸਿੰਘ ਸਿੰਘੇਵਾਲਾ ਅਤੇ ਹੋਰਨਾਂ ਲੋਕ-ਪੱਖੀ ਗੀਤਾਂ ਜ਼ਰੀਏ ਸੰਘਰਸ਼ ਨੂੰ ਹੁਲਾਰਾ ਦਿੱਤਾ। ਜ਼ਿਕਰਯੋਗ ਹੈ ਕਿ ਕਿੱਲਿਆਂਵਾਲੀ ਪੁਲੀਸ ਨੇ ਧਰਨੇ ਦੇ ਮੱਦੇਨਜ਼ਰ ਬਦਲਵੇਂ ਰਾਹਾਂ ਟਰੈਫਿਕ ਲੰਘਾਉਣ ਸਬੰਧੀ ਬਕਾਇਦਾ ਅਮਲਾ ਤਾਇਨਾਤ ਕੀਤਾ ਹੋਇਆ ਸੀ।