ਬਟਾਲਾ, 5 ਫਰਵਰੀ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਬਟਾਲਾ ਯੂਨਿਟ ਵੱਲੋਂ ਸਥਾਨਕ ਆਰ.ਡੀ. ਖੋਸਲਾ ਸਕੂਲ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 313 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਅਸ਼ਵਨੀ ਸ਼ਰਮਾ ਸਨ, ਜਦੋਂ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਡਾ. ਪ੍ਰਸ਼ਾਂਤ ਗੌਤਮ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਡੀ.ਏ.ਵੀ ਸਕੂਲ ਕਿਲਾ ਮੰਡੀ ਦੀ ਪ੍ਰਿੰਸੀਪਲ ਰਿਚਾ ਮਹਾਜਨ ਅਤੇ ਪ੍ਰੋਗਰਾਮ ਚੇਅਰਮੈਨ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਰਮਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਦੇਸ਼ ਦਾ ਉੱਜਲ ਭਵਿੱਖ ਦੱਸਿਆ ਅਤੇ ਕਿਹਾ ਕਿ ਨੌਜਵਾਨ ਵਰਗ ਰਾਸ਼ਟਰ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੁਆਰਾ ਸ਼ਿਕਾਗੋ ਵਿੱਚ ਦਿੱਤੇ ਭਾਸ਼ਣ ਸਬੰਧੀ ਵੀ ਗਿਆਨ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥੀ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਗੋਇਲ ਅਤੇ ਸਾਬਕਾ ਕੌਮੀ ਕਾਰਜਕਾਰਨੀ ਮੈਂਬਰ ਰਾਘਵ ਮਹਾਜਨ ਨੇ ਵੀ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਨ ਕਾਜਲ ਸ਼ਰਮਾ ਨੇ ਕੀਤਾ।