ਬਠਿੰਡਾ/ਜੈਤੋ, 5 ਫਰਵਰੀ
ਪੰਜਾਬ ਦੀਆਂ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਬਠਿੰਡਾ ਅਤੇ ਜੈਤੋ ਵਿੱਚ ਪੱਲੇਦਾਰਾਂ ਵੱਲੋਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤੇ ਗਏ। ਦੋਵਾਂ ਥਾਵਾਂ ’ਤੇ ਧਰਨੇ ਲਾ ਕੇ ਸੜਕੀ ਆਵਾਜਾਈ ਵੀ ਰੋਕੀ ਗਈ। ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੀ ਅਗਵਾਈ ’ਚ ਕਾਲੀਆਂ ਝੰਡੀਆਂ ਲਹਿਰਾਉਂਦੇ ਹੋਏ ਪੱਲੇਦਾਰ ਕਾਮੇ ਅੱਜ ਸ਼ਹਿਰ ਵਿਚੋਂ ਰੋਸ ਮਾਰਚ ਕਰਦੇ ਹੋਏ ਬੱਸ ਅੱਡੇ ਤੱਕ ਪੁੱਜੇ। ਇਥੇ ਉਨ੍ਹਾਂ ਬੱਸ ਅੱਡੇ ਦੇ ਸਾਹਮਣੇ ਚੌਕ ’ਚ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਸੇਵਾਵਾਂ ਹੋਰਨਾਂ ਸਰਕਾਰੀ ਕਰਮਚਾਰੀਆਂ ਦੀ ਤਰਜ਼ ’ਤੇ ਸਰਕਾਰ ਰੈਗੂਲਰ ਕਰੇ ਅਤੇ ਜੋ-ਜੋ ਸਹੂਲਤਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀਆਂ ਹਨ, ਉਨ੍ਹਾਂ ਦੇ ਹੱਕਦਾਰ ਪੱਲੇਦਾਰ ਕਾਮਿਆਂ ਨੂੰ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਚੁੱਕੀ ਕਿ ਪੰਜਾਬ ਦੀਆਂ ਅਨਾਜ ਖ਼ਰੀਦ ਏਜੰਸੀਆਂ ਠੇਕੇਦਾਰੀ ਪ੍ਰਬੰਧ ਦਾ ਖਾਤਮਾ ਕਰਕੇ ਮਜ਼ਦੂਰਾਂ ਨੂੰ ਢੋਆ-ਢੁਆਈ ਦਾ ਸਿੱਧਾ ਭੁਗਤਾਨ ਕਰਨ। ਧਰਨੇ ਦੌਰਾਨ ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਧਰਨੇ ਦੀ ਸਮਾਪਤੀ ਕੀਤੀ।
ਇਸੇ ਤਰ੍ਹਾਂ ਜੈਤੋ ਦੇ ਪੱਲੇਦਾਰ ਮਜ਼ਦੂਰਾਂ ਵੱਲੋਂ ਬਠਿੰਡਾ-ਫ਼ਰੀਦਕੋਟ ਮਾਰਗ ’ਤੇ ਪਿੰਡ ਚੰਦਭਾਨ ਨੇੜੇ ਸਥਿਤ ਅਨਾਜ ਦੇ ਸਰਕਾਰੀ ਗੁਦਾਮਾਂ ਕੋਲ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਇਥੇ ਵੀ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲਏ ਜਾਣ ਬਾਅਦ ਪੱਲੇਦਾਰਾਂ ਵੱਲੋਂ ਧਰਨੇ ਦੀ ਸਮਾਪਤੀ ਕਰਕੇ ਆਵਾਜਾਈ ਖੋਲ੍ਹ ਦਿੱਤੀ ਗਈ। ਦੋਵੇਂ ਥਾਵਾਂ ’ਤੇ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤਵੱਜੋਂ ਨਾ ਦਿੱਤੀ ਤਾਂ ਉਹ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਮਜਬੂਰ ਹੋਣਗੇ।
ਮਾਨਸਾ ਦਾ ਬੱਸ ਸਟੈਂਡ ਚੌਕ ਕੀਤਾ ਜਾਮ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਅਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਮੰਗ ਲਈ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿੱਚ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਕੇ ਮਾਨਸਾ ਦੇ ਬੱਸ ਸਟੈਂਡ ਵਿੱਚ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜ਼ਸਵੀਰ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਪੱਲੇਦਾਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਪੱਲੇਦਾਰ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ।