ਜਲਾਲਾਬਾਦ, 18 ਅਗਸਤ (ਦਲਜੀਤ ਸਿੰਘ)- ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਵਲੋਂ ਜਗ੍ਹਾ-ਜਗ੍ਹਾ ‘ਤੇ ਲੱਗੇ ਅਫ਼ਗਾਨ ਝੰਡੇ ਉਤਾਰ ਕੇ ਉਨ੍ਹਾਂ ਦੀ ਬਜਾਏ ਆਪਣੇ ਸੰਗਠਨ ਦੇ ਝੰਡੇ ਲਹਿਰਾਏ ਜਾ ਰਹੇ ਹਨ। ਇਸ ਤਬਦੀਲੀ ਦਾ ਅਫ਼ਗਾਨ ਨਾਗਰਿਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੁਪਹਿਰ ਜਲਾਲਾਬਾਦ ਸ਼ਹਿਰ ਦੇ ਵਸਨੀਕਾਂ ਨੇ ਇਕ ਮੀਨਾਰ ‘ਤੇ ਤਾਲਿਬਾਨ ਦਾ ਝੰਡਾ ਉਤਾਰ ਕੇ ਉਸ ਦੀ ਜਗ੍ਹਾ ‘ਤੇ ਅਫ਼ਗਾਨ ਝੰਡਾ ਲਹਿਰਾ ਦਿੱਤਾ। ਇਸ ਦੇ ਬਾਅਦ ਸਥਾਨਕ ਅਫ਼ਗਾਨ ਨਾਗਰਿਕਾਂ ਨੇ ਸੜਕਾਂ ‘ਤੇ ਭਾਰੀ ਜਲੂਸ ਕੱਢਦਿਆਂ ਮੰਗ ਕੀਤੀ ਕਿ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰਾਂ ‘ਤੇ ਤਾਲਿਬਾਨ ਦੇ ਝੰਡੇ ਦੀ ਬਜਾਏ ਅਫ਼ਗਾਨ ਝੰਡਾ ਲਹਿਰਾਇਆ ਜਾਵੇ।
ਲੋਕਾਂ ਨੇ ਆਪਣੇ ਹੱਥਾਂ ‘ਚ ਅਫ਼ਗਾਨ ਝੰਡੇ ਲੈ ਕੇ ਮਾਰਚ ਕੀਤਾ ਅਤੇ ਤਾਲਿਬਾਨ ਵਲੋਂ ਕੀਤੀ ਤਬਦੀਲੀ ਦੇ ਵਿਰੋਧ ‘ਚ ਨਾਅਰੇਬਾਜ਼ੀ ਵੀ ਕੀਤੀ। ਉਕਤ ਦੇ ਇਲਾਵਾ ਅਸਦਾਬਾਦ ਸ਼ਹਿਰ ‘ਚ ਵੀ ਉੱਥੋਂ ਦੇ ਸਥਾਨਕ ਲੋਕਾਂ ਨੇ ਅਫ਼ਗਾਨ ਝੰਡੇ ਹੱਥਾਂ ‘ਚ ਲੈ ਕੇ ਪ੍ਰਦਰਸ਼ਨ ਕੀਤਾ। ਇਸ ਨੂੰ ਲੈ ਕੇ ਬੌਖਲਾਹਟ ‘ਚ ਆਏ ਤਾਲਿਬਾਨ ਅੱਤਵਾਦੀਆਂ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿਚ ਦੋ ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 12 ਜ਼ਖ਼ਮੀ ਹੋ ਗਏ |