ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਦਿੱਲੀ ਆਬਕਾਰੀ ਘੁਟਾਲੇ ਵਿਚ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਬਚਾਉਣ ਵਾਸਤੇ ਪੰਜਾਬ ਸਰਕਾਰ ਦੀ ਮਸ਼ੀਨਰੀ ਦੀ ਦੁਰਵਰਤੋਂ ਕਿਉਂ ਕੀਤੀ ਜਾ ਰਹੀ ਹੈ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 20 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਸ਼ਰਣ ਦੇਣ ਦੀ ਨਿਖੇਧੀ ਕੀਤੀ ਤੇ ਜ਼ੋਰ ਦੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਸੁਪਰੀਮ ਕੋਰਟ ਨਾਲ ਟਕਰਾਅ ਦੇ ਰਾਹ ਪੈ ਗਈ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਦੂਜੇ ਸੂਬੇ ਵਿਚ ਜਾ ਕੇ ਸਿਆਸੀ ਸ਼ਰਣ ਮਿਲੀ ਹੋਵੇ ਤਾਂ ਜੋ ਉਹ ਕੇਂਦਰੀ ਏਜੰਸੀਆਂ ਦੇ ਪੰਜੇ ਤੋਂ ਬਚ ਸਕੇ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਹ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਿਉਂ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਉਹਨਾਂ ਦੇ ਆਕਾ ਸ੍ਰੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਚਾਅ ਵਾਸਤੇ ਕਿਉਂ ਵਰਤਿਆ ਜਾ ਰਿਹਾ ਹੈ।
ਐਡਵੋਕੇਟ ਕਲੇਰ ਨੇ ਸ੍ਰੀ ਕੇਜਰੀਵਾਲ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਵਾਰ-ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਤੋਂ ਕਿਉਂ ਭੱਜ ਰਹੇ ਹਨ ਅਤੇ ਉਹ ਏਜੰਸੀ ਅੱਗੇ ਪੁੱਛ-ਗਿੱਛ ਵਾਸਤੇ ਪੇਸ਼ ਵੀ ਕਿਉਂ ਨਹੀਂ ਹੋ ਰਹੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸ੍ਰੀ ਕੇਜਰੀਵਾਲ ਸ਼ਰਾਬ ਘੁਟਾਂਲੇ ਵਿਚ ਪੁੱਛ-ਗਿੱਛ ਦਾ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਉਹ ਘੁਟਾਲੇ ਦੇ ਮੋਹਰੀ ਆਗੂ ਹਨ। ਉਹਨਾਂ ਨੇ ਸ੍ਰੀ ਕੇਜਰੀਵਾਲ ਨੂੰ ਇਹ ਵੀ ਆਖਿਆ ਕਿ ਉਹ ਹੁਸ਼ਿਆਰਪੁਰ ਵਿਚ ’ਵਿਪਾਸਨਾ’ ਵਰਗੇ ਬਹਾਨੇ ਘੜਨੇ ਬੰਦ ਕਰਨ ਤੇ ਕਿਹਾ ਕਿ ਤੁਹਾਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਸਲਾਖਾਂ ਪਿੱਛੇ ਹੋਣ ਮਗਰੋਂ ਇਕੱਲਿਆਂ ਰਹਿੰਦਿਆਂ ਆਪਣੇ ਕੁਕਰਮਾਂ ’ਤੇ ਝਾਤ ਮਾਰਨ ਲਈ ਕਾਫੀ ਸਮਾਂ ਮਿਲੇਗਾ।
ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਸੁਪਰੀਮ ਕੋਰਟ ਨੂੰ ਵੀ ਟਿੱਚ ਜਾਣ ਰਹੇ ਹਨ ਜਿਸਨੇ ਕਿਹਾ ਹੈ ਕਿ ਸ਼ਰਾਬ ਘੁਟਾਲੇ ਵਿਚ 338 ਕਰੋੜ ਰੁਪਏ ਦੀ ਪੈੜ ਨੱਪੀ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਜਾਂਚ ਵਿਚ ਰੁਕਾਵਟ ਪਾਉਣ ਦੀ ਥਾਂ ਇਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ।
ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ’ ਦੇਸ਼ ਭਗਤਾਂ’ ਦਾ ਪਾਖੰਡ ਬੇਨਕਾਬ ਹੋ ਗਿਆ ਹੈ ਅਤੇ ਕਿਹਾ ਕਿ ਸ੍ਰੀ ਕੇਜਰੀਵਾਲ ਅਤੇ ਸ੍ਰੀ ਭਗਵੰਤ ਮਾਨ ਹੋਰਨਾਂ ਨੂੰ ਚੁਣੌਤੀਆਂ ਦੇ ਕੇ ਬਹੁਤ ਚਾਅ ਮਹਿਸੂਸ ਕਰਦੇ ਸਨ ਤੇ ਉਹ ਹੁਣ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਉਹਨਾਂ ਖਿਲਾਫ ਝੂਠੇ ਪਰਚੇ ਵੀ ਦਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਇਹਨਾਂ ’ਤੇ ਆਪਣੇ ’ਤੇ ਗੱਲ ਆਉਂਦੀ ਹੈ ਤਾਂ ਇਹ ਭ੍ਰਿਸ਼ਟਾਚਾਰ ਕੇਸ ਜਿਹਨਾਂ ਨੂੰ ਸੁਪਰੀਮ ਕੋਰਟ ਨੇ ਸਹੀ ਠਹਿਰਾਇਆ ਹੈ, ਵਿਚ ਇਹਨਾਂ ਨੂੰ ਤਲਬ ਕੀਤੇ ਜਾਣ ਨੂੰ ਗਲਤ ਕਰਾਰ ਦੇ ਕੇ ਜਾਂਚ ਤੋਂ ਭੱਜਦੇ ਨਜ਼ਰ ਆਉਂਦੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਂਦੀ ਪੁੱਛ-ਗਿੱਛ ਦਾ ਸਿੱਧਾ ਸਾਹਮਣਾ ਕੀਤਾ ਹੈ ਹਾਲਾਂਕਿ ਇਹ ਕੇਸ ਪੂਰੀ ਤਰ੍ਹਾਂ ਝੂਠੇ ਤੇ ਫਰਜ਼ੀ ਹਨ।
ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਆਖਿਆ ਕਿ ਉਹ ਪੰਜਾਬ ਵਿਚ ਸ੍ਰੀ ਕੇਜਰੀਵਾਲ ਦੇ ਠਹਿਰਾਅ ਦੇ ਬਿੱਲ ਦੀ ਅਦਾਇਗੀ ਕਰੇ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਰਚੇ ’ਤੇ ਵਰਤੇ ਜਾ ਰਹੇ ਹਵਾਈ ਜਹਾਜ਼ਾਂ ਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਦੇ ਨਾਲ-ਨਾਲ ਹੋਰ ਸਹੂਲਤਾਂ ਦਾ ਖਰਚਾ ਵੀ ਦੇਵੇ।
ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੇ ਹੁਸ਼ਿਆਰਪੁਰ ਵਿਚ 10 ਦਿਨ ਦੇ ਠਹਿਰਾਅ ਦਾ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਤੇ ਉਹਨਾਂ ਨੂੰ ਇਸਦੀ ਅਦਾਇਗੀ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।