ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ’ਤੇ ਲੱਗੇ ਖੂਨਦਾਨ ਕੈਂਪਾਂ ਵਿਚ 11436 ਯੂਨਿਟ ਖੂਨ ਇਕੱਤਰ ਕੀਤਾ ਗਿਆ

Parkash-Singh-Badal/nawanpunjab.com

ਚੰਡੀਗੜ੍ਹ, 9 ਦਸੰਬਰ: ਸ਼੍ਰੋਮਣੀ ਅਕਾਲੀ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 97ਵੇਂ ਜਨਮ ਦਿਹਾੜੇ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਂਦਿਆਂ ਬੀਤੇ ਕੱਲ੍ਹ ਲਗਾਏ ਗਏ ਖੂਨਦਾਨ ਕੈਂਪਾਂ ਵਿਚ 11436 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ।

ਸਭ ਤੋਂ ਵੱਧ 1233 ਯੂਨਿਟ ਖੂਨ ਲੁਧਿਆਣਾ ਜ਼ਿਲ੍ਹੇ ਵਿਚ ਇਕੱਤਰ ਕੀਤੇ ਗਏ ਤੇ ਲੁਧਿਆਣਾ ਪੂਰਬੀ ਹਲਕੇ ਵਿਚ 217 ਯੂਨਿਟ ਖੂਨ ਇਕੱਤਰ ਕੀਤਾ ਗਿਆ, ਸਮਰਾਲਾ ਵਿਚ 196 ਯੂਨਿਟ ਇਕੱਤਰ ਕੀਤਾ ਗਿਆ। ਅੰਮ੍ਰਿਤਸਰ ਜ਼ਿਲ੍ਹੇ ਵਿਚ 874 ਯੂਨਿਟ ਖੂਨ ਇਕੱਤਰ ਕੀਤਾ ਗਿਆ ਤੇ ਅੰਮ੍ਰਿਤਸਰ ਉੱਤਰੀ ਵਿਚ 179 ਅਤੇ ਅੰਮ੍ਰਿਤਸਰ ਕੇਂਦਰੀ ਵਿਚ 135 ਯੂਨਿਟ ਖੂਨ ਇਕੱਤਰ ਕੀਤਾ ਗਿਆ। ਬਰਨਾਲਾ ਜ਼ਿਲ੍ਹੇ ਵਿਚ 726 ਯੂਨਿਟ ਖੂਨ ਇਕੱਤਰ ਕੀਤਾ ਗਿਆ ਤੇ ਸਿਰਫ ਬਰਨਾਲਾ ਹਲਕੇ ਵਿਚ 433 ਲੋਕਾਂ ਨੇ ਖੂਨਦਾਨ ਕੀਤਾ ਜਿਸ ਮਗਰੋਂ ਭਦੌੜ ਹਲਕੇ ਵਿਚ 227 ਲੋਕਾਂ ਨੇ ਸਦਭਾਵਨਾ ਦਿਵਸ ’ਤੇ ਖੂਨਦਾਨ ਕੀਤਾ। ਗੁਰਦਾਸਪੁਰ ਜ਼ਿਲ੍ਹੇ ਵਿਚ 702 ਲੋਕਾਂ ਨੇ ਖੂਨਦਾਨ ਕੀਤਾ ਤੇ ਬਟਾਲਾ ਵਿਚ 165 ਅਤੇ ਗੁਰਦਾਸਪੁਰ ਵਿਚ 150 ਲੋਕਾਂ ਨੇ ਖੂਨਦਾਨ ਕੀਤਾ।

ਹੋਰ ਜਿਹੜੇ ਹਲਕਿਆਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਖੂਨਦਾਨ ਕੀਤਾ, ਉਹਨਾਂ ਵਿਚ ਡੇਰਾ ਬੱਸੀ ਵਿਚ 463, ਸ੍ਰੀ ਮੁਕਤਸਰ ਸਾਹਿਬ ਵਿਚ 211, ਅਮਲੋਹ ਵਿਚ 200, ਮਾਲੇਰਕੋਟਲਾ ਵਿਚ 188, ਖੇਮਕਰਨ ਸਾਹਿਬ ਵਿਚ 185, ਸਰਹਿੰਦ ਵਿਚ 175 ਅਤੇ ਦਸੂਹਾ ਵਿਚ 150 ਲੋਕਾਂ ਨੇ ਖੂਨਦਾਨ ਕੀਤਾ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ’ਤੇ ਲਗਾਏ ਖੂਨਦਾਨ ਕੈਂਪਾਂ ਪ੍ਰਤੀ ਭਾਰੀ ਉਤਸ਼ਾਹ ਵਿਖਾਉਣ ’ਤੇ ਪੰਜਾਬੀਆਂ ਦਾ ਧੰਨਵਾਦ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਵੇਖ ਕੇ ਬਹੁਤ ਹੀ ਪ੍ਰਭਾਵਤ ਹਨ ਕਿ ਕਿਵੇਂ ਬੱਚੇ, ਨੌਜਵਾਨਾਂ ਤੇ ਬ਼ਜ਼ੁਰਗ ਨਾ ਸਿਰਫ ਬਾਦਲ ਸਾਹਿਬ ਨੂੰ ਇਕ ਵੱਡੇ ਕੱਦ ਵਾਲਾ ਸਿਆਸੀ ਆਗੂ ਬਲਕਿ ਉਹਨਾਂ ਨੂੰ ਇਕ ਬਹੁਤ ਹੀ ਤਜ਼ਰਬੇਕਾਰ ਸੁਲਝਿਆ ਹੋਇਆ ਆਗੂ ਸਮਝਦੇ ਸਨ ਜੋ ਕਿ ਉਹ ਅਸਲ ਵਿਚ ਸਨ। ਉਹਨਾਂ ਕਿਹਾ ਕਿ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਜੀਅ ਸਮਝ ਕੇ ਉਹਨਾਂ ਦੇ ਪਿਆਰ ਦਾ ਨਿੱਘ ਮਾਣਦੇ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣ ਇਹ ਸਪਸ਼ਟ ਹੈ ਕਿ ਬਾਦਲ ਸਾਹਿਬ ਸਿਰਫ ਉਹਨਾਂ ਦੇ ਜਾਂ ਬਾਦਲ ਪਰਿਵਾਰ ਦੇ ਹੀ ਨਹੀਂ ਬਲਕਿ ਉਹਨਾਂ ਸਾਰੇ ਲੋਕਾਂ ਦੇ ਸਨ ਜੋ ਉਹਨਾਂ ਨੂੰ ਆਪਣੇ ਪਰਿਵਾਰ ਦਾ ਜੀਅ ਸਮਝਦੇ ਸਨ। ਹਰ ਪਾਸੇ ਉਹਨਾਂ ਨੂੰ ਲੋਕ ਭਾਵੁਕ ਹੋ ਕੇ ਆਪਣੀ ਸਾਂਝੀ ਧਰੋਹਰ ਸਮਝਦੇ ਰਹੇ ਤੇ ਉਹ ਵੀ ਉਹਨਾਂ ਨਾਲ ਨਿੱਘੇ, ਪਿਆਰ ਭਰੇ ਤੇ ਔਖੇ ਤੇ ਮੁਸ਼ਕਿਲਾਂ ਵੇਲੇ ਚਿੰਤਾ ਵਾਲੇ ਰਿਸ਼ਤੇ ਨਿਭਾਉਂਦੇ ਰਹੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਲਈ ਕੱਲ੍ਹ ਸਾਹਮਣੇ ਆਏ ਇਸ ਵਿਲੱਖਣ ਤੇ ਵਿਆਪਕ ਭਾਵੁਕ ਪਿਆਰ ’ਤੇ ਮਾਣ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਉਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਅਤੇ ਜਿਸ ਲਈ ਉਹਨਾਂ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ, ਭਰੋਸਾ ਦੁਆਉਂਦੇ ਹਨ ਕਿ ਉਹ ਪੂਰੀ ਸੰਜੀਦਗੀ ਨਾਲ ਸੂਬੇ ਅਤੇ ਇਸਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਉਹਨਾਂ ਦੀ ਵਿਰਾਸਤ ’ਤੇ ਚੱਲਣ ਦੇ ਯਤਨ ਕਰਨਗੇ।

ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਨਿੱਜੀ ਤੌਰ ’ਤੇ ਉਹਨਾਂ ਦੇ ਹੋਣ ਨਾਲੋਂ ਬਾਦਲ ਸਾਹਿਬ ਸਭ ਦੇ ਸਾਂਝੇ ਸਨ। ਉਹਨਾਂ ਕਿਹਾ ਕਿ ਉਹ ਭਰੋਸਾ ਦੁਆਉਂਦੇ ਹਨ ਕਿ ਲੋਕਾਂ ਤੇ ਉਹਨਾਂ ਵਿਚਾਲੇ ਇਹ ਸਾਂਝ ਜਾਰੀ ਰਹੇਗੀ। ਉਹਨਾਂ ਕਿਹਾ ਕਿ ਉਹ ਉਹਨਾਂ ਦੀ ਸ਼ਾਂਤੀ, ਫਿਰਕੂ ਸਦਭਾਵਨਾ ਤੇ ਪੰਜਾਬ ਵਿਚ ਆਪਸੀ ਭਾਈਚਾਰਕ ਸਾਂਝ ਦੀ ਸੋਚ ’ਤੇ ਡੱਟ ਕੇ ਪਹਿਰਾ ਦੇਣਗੇ।

ਉਹਨਾਂ ਕਿਹਾ ਕਿ ਭਾਵੇਂ ਸਿਆਸੀ ਵਿਚਾਰਕ ਮਤਭੇਦ ਹੋਣੇ ਸੁਭਾਵਕ ਹਨ ਪਰ ਉਹ ਉਹਨਾਂ ਦੀ ਦੂਰਅੰਦੇਸ਼ੀ ਸੋਚ ਨੂੰ ਲੈ ਕੇ ਅਕਾਲੀ ਦਲ ਦੀ ਮੁਢਲੀ ਸੋਚ ਨਾਲ ਕੋਈ ਸਮਝੌਤਾ ਕੀਤੇ ਬਗੈਰ ਤੇ ਸਾਡੇ ਮਹਾਨ ਗੁਰੂ ਸਾਹਿਬਾਨ, ਪੀਰਾਂ ਫਕੀਰਾਂ ਵੱਲੋਂ ਖਾਲਸਾ ਪੰਥ ਲਈ ਤੈਅ ਕੀਤੇ ਸਿਧਾਂਤਾਂ ’ਤੇ ਤੁਰਦਿਆਂ ਇਹਨਾਂ ਵੰਡੀਆਂ ਤੋਂ ਉਪਰ ਉਠ ਕੇ ਤੁਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

Leave a Reply

Your email address will not be published. Required fields are marked *