ਅੰਮ੍ਰਿਤਸਰ, 11 ਅਪ੍ਰੈਲ (ਬਿਊਰੋ)- ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਪੱਖੀ ਜਥੇਬੰਦੀਆਂ ਪੰਜਾਬ ਵਿੱਚ ਵੱਡੀ ਕਾਰਵਾਈ ਦੀ ਪਲਾਨਿੰਗ ਕਰ ਰਹੀਆਂ ਹਨ। ਇਸ ਲਈ ਪਾਕਿਸਤਾਨ ਤੋਂ ਭਾਰਤ-ਪਾਕਿ ਬਾਰਡਰ ਰਾਹੀਂ ਡ੍ਰੋਨ ਤੇ ਹੋਰ ਸਾਧਨਾਂ ਰਾਹੀਂ ਅਸਲਾ ਤੇ ਗੋਲਾ ਬਾਰੂਦ ਭੇਜਿਆ ਗਿਆ ਹੈ। ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਖਿਲਾਫ ਅੰਮ੍ਰਿਤਸਰ ਦੇ ਐਸਐਸਓਸੀ ਥਾਣੇ ‘ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਰੋਡੇ ਨੇ ਪਿਛਲੇ ਹਫਤੇ ਖੇਪਾਂ ਰਮਦਾਸ ਖੇਤਰ ਰਾਹੀਂ ਭਾਰਤ ‘ਚ ਭੇਜੀਆਂ ਹਨ ਜੋ ਇਸ ਦੇ ਸਾਥੀਆਂ ਵੱਲੋਂ ਹਾਸਲ ਕੀਤੀਆਂ ਜਾਣੀਆਂ ਹਨ। ਜੇਕਰ ਇਸ ਖੇਤਰ ਵਿੱਚ ਸਰਚ ਕੀਤੀ ਜਾਵੇ ਤਾਂ ਅਸਲਾ/ਗੋਲਾ ਬਾਰੂਦ ਬਰਾਮਦ ਹੋ ਸਕਦਾ ਹੈ।
ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਮੁਤਾਬਕ ਲਖਬੀਰ ਸਿੰਘ ਰੋਡੇ ਪਾਕਿਸਾਨੀ ਖੁਫੀਆ ਏਜੰਸੀ ਆਈਐਸਆਈ ਤੇ ਹੋਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਦੇਸ਼ ‘ਚ ਕਿਸੇ ਵੱਡੀ ਅੱਤਵਾਦੀ ਕਾਰਵਾਈ ਲਈ ਪਾਕਿਸਤਾਨ ਤੋਂ ਭਾਰਤ-ਪਾਕਿ ਬਾਰਡਰ ਰਾਹੀਂ ਡ੍ਰੋਨ ਤੇ ਹੋਰ ਸਾਧਨਾਂ ਰਾਹੀਂ ਅਸਲਾ ਤੇ ਗੋਲਾ ਬਾਰੂਦ ਦੀਆਂ ਖੇਪਾਂ ਭਾਰਤ ‘ਚ ਭੇਜ ਰਿਹਾ ਹੈ।
ਇਸ ਦੇ ਨਾਲ ਹੀ ਗੈਂਗਸਟਰਾਂ ਤੇ ਹੋਰ ਦੇਸ਼ ਵਿਰੋਧੀ ਤੱਤਾਂ ਜ਼ਰੀਏ ਧਾਰਮਿਕ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਧਾਰਮਿਕ ਸਦਭਾਵਨਾ ਨੂੰ ਢਾਹ ਲਾਉਣ ਲਈ ਕੰਮ ਕਰ ਰਿਹਾ ਹੈ। ਇਸ ਕੰਮ ਲਈ ਉਸ ਨੇ ਆਪਣੇ ਕਾਰਕੁਨਾਂ ਨੂੰ ਵੀ ਸਰਗਰਮ ਕਰ ਲਿਆ ਹੈ। ਉਨਾਂ ਨੂੰ ਪੈਸੇ ਵੀ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਸਾਥੀ ਸਹੀ ਸਮੇਂ ਦੀ ਉਡੀਕ ‘ਚ ਹਨ।