ਚੰਡੀਗੜ੍ਹ, 27 ਨਵੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ. ਬਲਵੰਤ ਸਿੰਘ ਖੇੜਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸ. ਬਲਵੰਤ ਸਿੰਘ ਖੇੜਾ ਉੱਘੇ ਸਮਾਜਵਾਦੀ ਆਗੂ, ਸਿੱਖਿਆ ਸ਼ਾਸਤਰੀ ਤੇ ਅਧਿਆਪਕ ਸੰਘਰਸ਼ਾਂ ਦੇ ਮੋਹਰੀ ਆਗੂ ਸਨ। ਉਨ੍ਹਾਂ ਕਿਹਾ ਕਿ ਸ. ਖੇੜਾ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਸਨ, ਉਨ੍ਹਾਂ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਅਨੇਕਾਂ ਸਾਰਥਕ ਯਤਨ ਕੀਤੇ ਤੇ ਪੀੜਤਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸ. ਖੇੜਾ ਨੇ ਆਪਣਾ ਕੈਰੀਅਰ ਇੱਕ ਅਧਿਆਪਕ ਵਜੋਂ ਸ਼ੁਰੂ ਕੀਤਾ ਅਤੇ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਸਮਾਜ ਸੇਵਾ ਆਰੰਭ ਕਰ ਦਿੱਤੀ। ਉਨ੍ਹਾਂ ਨੇ 100 ਤੋਂ ਵੱਧ ਜਨਹਿੱਤ ਪਟੀਸ਼ਨਾਂ ਦਾਇਰ ਵੀ ਕੀਤੀਆਂ।
ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।