ਅੰਮ੍ਰਿਤਸਰ, ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਂਡੇ ਮਾਂਜਣ ਤੇ ਲੰਗਰ ਦੀ ਸੇਵਾ ਲਾਈ ਗਈ ਹੈ। ਇਹੀ ਨਹੀਂ ਸੁਖਬੀਰ ਬਾਦਲ ਨੂੰ ਟਾਇਲਟ (ਪਖਾਨੇ) ਸਾਫ਼ ਕਰਨ ਦੀ ਸਜ਼ਾ ਵੀ ਸੁਣਾਈ ਗਈ ਹੈ। ਜਥੇਦਾਰਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ ਕੌਮ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰਾਂ ’ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਫ਼ੈਸਲਾ ਸੁਣਾਇਆ ਗਿਆ ਹੈ। ਧਾਰਮਿਕ ਸਜ਼ਾ ਲਾਉਣ ਦਾ ਅਮਲ ਸ਼ੁਰੂ ਹੋ ਗਿਆ ਹੈ।
ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕੀਤੇ ਹਨ। ਸੁਖਬੀਰ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ, ਅਕਾਲੀ ਸਰਕਾਰਾਂ ਦੌਰਾਨ ਭੁੱਲਾਂ ਹੋਣ ਤੇ ਗੋਲੀਕਾਂਡ ਦਾ ਗੁਨਾਹ ਵੀ ਕਬੂਲਿਆ। ਸੁਖਬੀਰ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪਹੁੰਚੇ ਸਨ। ਅਕਾਲ ਤਖ਼ਤ ਅੱਗੇ ਸਪਸ਼ਟੀਕਰਨ ਦੇਣ ਮੌਕੇ ਸੁਖਬੀਰ ਬਾਦਲ ਵਾਕਰ ਦੇ ਸਹਾਰੇ ਖੜ੍ਹੇ ਰਹੇ। ਇਸ ਮੌਕੇ ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਵੀ ਮੌਜੂਦ ਸਨ, ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਕਰਕੇ ਗੁਨਾਹਗਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ, ‘‘ਅਸੀਂ ਸਾਰੇ ਕਸੂਰਵਾਰ ਹਾਂ।’’ ਉਂਝ ਭੁੰਦੜ ਨੇ ਕਿਹਾ ਕਿ ਰਾਮ ਰਹੀਮ ਨਾਲ ਮੀਟਿੰਗ ਦਾ ਬਿਰਤਾਂਤ ਝੂਠ ਸੀ। ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਕੈਬਨਿਟ ਤੇ ਕੋਰ ਕਮੇਟੀ ਨੂੰ ਇਕੋ ਸਜ਼ਾ ਲਾਈ ਜਾਵੇ।