ਪਟਿਆਲਾ : ਹੁਣ ਪੀਆਰਟੀਸੀ ਬੱਸ ਆਪਣੀ ਮਰਜ਼ੀ ਨਾਲ ਕਿਸੇ ਪ੍ਰਾਈਵੇਟ ਢਾਬੇ ਜਾਂ ਹੋਟਲ ’ਤੇ ਨਹੀਂ ਰੁਕ ਸਕੇਗੀ ਕਿਉਂਕਿ ਪੀਆਰਟੀਸੀ ਨੇ ਦਿੱਲੀ ਤੇ ਅੰਬਾਲਾ ਰੂਟ ’ਤੇ ਚੱਲ ਰਹੀਆਂ ਬੱਸਾਂ ਲਈ ਹੋਟਲਾਂ ਤੇ ਢਾਬਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਈਵਰ ਇਨ੍ਹਾਂ ਨਿਰਧਾਰਤ ਕੀਤੇ ਗਏ ਹੋਟਲਾਂ ਤੋਂ ਬਗੈਰ ਕਿਸੇ ਹੋਰ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ। ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ। ਹਰ ਵਾਰ ਰੁਕਣ ’ਤੇ ਹੋਟਲ ਜਾਂ ਢਾਬੇ ਵਾਲੇ ਪੀਆਰਟੀਸੀ ਨੂੰ 100 ਰੁਪਏ ਤੋਂ ਲੈ ਕੇ 225 ਰੁਪਏ ਅਦਾ ਕਰਨਗੇ। ਇਸ ਨਾਲ ਹਰ ਮਹੀਨੇ ਪੀਆਰਟੀਸੀ ਨੂੰ ਚਾਰ ਤੋਂ ਪੰਜ ਲੱਖ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਨਾਲ ਹੀ ਜੇ ਬੱਸ ਕਿਸੇ ਹੋਰ ਢਾਬੇ ਜਾਂ ਹੋਟਲ ’ਤੇ ਰੁਕੀ ਤਾਂ ਡਰਾਈਵਰ ਜਾਂ ਕੰਡਕਟਰ ਨੂੰ ਹੀ ਜੁਰਮਾਨਾ ਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੋਵਾਂ ਵਿਰੁੱਧ ਵਿਭਾਗੀ ਕਾਰਵਾਈ ਤੱਕ ਕਰ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਦਿੱਲੀ ਏਅਰਪੋਰਟ ਵੱਲ ਸਾਧਾਰਨ, ਐੱਚਵੀਏਸੀ ਤੇ ਇੰਟੈਗਰਲ ਕੋਚ ਬੱਸਾਂ ਚੱਲ ਰਹੀਆਂ ਹਨ। ਸਵਾਰੀਆਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਲਈ ਪੀਆਰਟੀਸੀ ਮੈਨੇਜਮੈਂਟ ਵੱਲੋਂ ਵੱਖ-ਵੱਖ ਹੋਟਲਾਂ ਤੇ ਢਾਬਿਆਂ ਨਾਲ ਕਰਾਰ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਬੱਸਾਂ ਉਕਤ ਹੋਟਲਾਂ ਜਾਂ ਢਾਬਿਆਂ ’ਤੇ ਹੀ ਰੁਕਣਗੀਆਂ ਤਾਂ ਜੋ ਸਵਾਰੀਆਂ ਖਾਣ-ਪੀਣ ਸਮੇਤ ਹੋਰ ਸਹੂਲਤਾਂ ਪ੍ਰਾਪਤ ਕਰ ਸਕਣ। ਪੀਆਰਟੀਸੀ ਦੀਆਂ ਇਨ੍ਹਾਂ ਸਧਾਰਨ ਬੱਸਾਂ ਲਈ ਜੰਨਤ ਹਵੇਲੀ ਨਾਲ ਕਰਾਰ ਕੀਤਾ ਗਿਆ ਹੈ ਅਤੇ ਇਹ ਬੱਸਾਂ ਇੱਥੇ ਹੀ ਰੁਕਣਗੀਆਂ ਜਦਕਿ ਹਵੇਲੀ ਵੱਲੋਂ ਪੀਆਰਟੀਸੀ ਨੂੰ ਹਰ ਚੱਕਰ ਲਈ 100 ਰੁਪਏ ਅਦਾ ਕੀਤੇ ਜਾਣਗੇ। ਇਸ ਤੋਂ ਇਲਾਵਾ ਐੱਚਵੀਏਸੀ ਤੇ ਇੰਟੈਗਰਲ ਕੋਚ ਲਈ ਈਗਲ ਮੋਟਲ ਰਾਜਪੁਰਾ, 70 ਮਾਈਲ ਸਟੋਨ ਪਾਨੀਪਤ, ਮੁਰਥਲ ਸਮਾਲਖਾਂ ਤੈਅ ਕੀਤੇ ਗਏ ਹਨ। ਇਹ ਹੋਟਲ ਐੱਚਵੀਏਸੀ ਬੱਸ ਦੇ ਹਰ ਚੱਕਰ ਲਈ 160 ਤੇ ਇੰਟੈਗਰਲ ਕੋਚ ਬੱਸਾਂ ਲਈ 225 ਰੁਪਏ ਪੀਆਰਟੀਸੀ ਨੂੰ ਅਦਾ ਕਰਨਗੇ।