ਜਲੰਧਰ : ਗੰਨੇ ਦੇ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਅਦਾ ਕਰਨ ਦੀ ਮੰਗ ਲੈ ਕੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਧੰਨੋਵਾਲੀ ਵਿਖੇ ਕਿਸਾਨਾਂ ਵੱਲੋਂ ਦਿੱਤਾ ਗਿਆ ਧਰਨਾ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਹਾਲਾਂਕਿ ਸਰਵਿਸ ਲਾਈਨਾਂ ਚੱਲਣ ਕਾਰਨ ਵਾਹਨ ਆ-ਜਾ ਰਹੇ ਹਨ। ਜਲੰਧਰ ਪ੍ਰਸ਼ਾਸਨ ਵੱਲੋਂ ਕਈ ਰੂਟ ਵੀ ਡਾਈਵਰਟ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਹ ਧਰਨਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ। ਧਰਨੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਤੇ ਇਸ ਮਾਰਗ ਰਾਹੀਂ ਵੱਖ-ਵੱਖ ਸੂਬਿਆਂ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਅ। ਮਰੀਜ਼ਾਂ, ਵਿਦਿਆਰਥੀਆਂ, ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਬਦਲਵੇਂ ਰਸਤੇ ਲੱਭਦੇ ਰਹੇ ਪਰ ਜਾਮ ’ਚੋ ਨਿਕਲ ਕੇ ਬਦਲਵੇਂ ਰੱਸਤੇ ਤੱਕ ਜਾਣਾ ਵੀ ਮੁਸ਼ਕਲ ਹੋ ਗਿਆ ਸੀ। ਹਾਲਤ ਇਹ ਹੋ ਗਈ ਕਿ ਲੰਬੇ ਜਾਮ ਕਾਰਨ ਘੰਟਿਆ ਬੱਧੀ ਲੋਕ ਆਪਣੀ ਮੰਜ਼ਿਲ ਵੱਲ ਜਾਣ ਲਈ ਪਰੇਸ਼ਾਨ ਹੁੰਦੇ ਰਹੇ। ਇਹ ਸਮੱਸਿਆ ਖ਼ਬਰ ਲਿਖੇ ਜਾਣ ਤੱਕ ਜਾਰੀ ਰਹੀ।
ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੇ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ’ਚ ਕਈ ਹੋਰ ਜਥੇਬੰਦੀਆ ਨੇ ਹਿੱਸਾ ਲਿਆ। ਕਿਸਾਨਾਂ ਦੀ ਮੰਗ ਹੈ ਕਿ ਗੰਨੇ ਦਾ ਭਾਅ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕਿਸਾਨਾਂ ’ਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ 21 ਨਵੰਬਰ ਤਕ ਸਰਕਾਰ ਨੇ ਖੰਡ ਮਿੱਲਾਂ ਚਾਲੂ ਨਹੀਂ ਕੀਤੀਆ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀਨੰਗਲ ਤੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਧਰਨੇ ਨਾਲ ਲੋਕਾਂ ਨੂੰ ਦਰਪੇਸ਼ ਦਿੱਕਤਾਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਜੇਕਰ 22 ਨਵੰਬਰ ਦੀ ਸ਼ੂਗਰਫੈੱਡ ਕੰਟਰੋਲ ਬੋਰਡ ਦੀ ਮੀਟਿੰਗ ’ਚ ਗੰਨਾ ਉਤਪਾਦਕਾਂ ਦੀਆ ਮੰਗਾਂ ਨਾ ਮੰਨੀਆ ਗਈਆ ਤਾਂ ਇਹ ਧਰਨਾ ਅਣਮਿੱਥੇ ਸਮੇਂ ਤਕ ਜਾਰੀ ਰਹੇਗਾ।