ਚੰਡੀਗੜ੍ਹ : ਰਾਸ਼ਟਰੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਮੇਤ ਭਾਜਪਾ ਦੇ ਅਸ਼ਵਨੀ ਸ਼ਰਮਾ, ਤਰੁਣ ਚੁੱਘ, ਮਨੋਰੰਜਨ ਕਾਲੀਆ, ਜੀਵਨ ਗੁਪਤਾ, ਬਲਦੇਵ ਚਾਵਲਾ ਤੇ ਸੁਭਾਸ਼ ਸ਼ਰਮਾ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਨ੍ਹਾਂ ਖ਼ਿਲਾਫ਼ 21 ਅਗਸਤ 2020 ਨੂੰ ਧਾਰਾ 199 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਾਰਿਆਂ ਨੇ ਇਸ ਮਾਮਲੇ ਨੂੰ ਰੱਦ ਕਰਨ ਦੀ ਹਾਈ ਕੋਰਟ ਤੋਂ ਗੁਹਾਰ ਲਗਾਈ ਹੈ।
ਕੋਰੋਨਾ ਕਾਲ ’ਚ ਸੀਐੱਮ ਪੰਜਾਬ ਦੀ ਰਿਹਾਇਸ਼ ਘੇਰਨ ਦੇ ਦੋਸ਼ ’ਚ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦਾਇਰ ਪਟੀਸ਼ਨ ’ਚ ਇਨ੍ਹਾਂ ਆਗੂਆਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਪਹਿਲਾਂ ਚੰਡੀਗੜ੍ਹ ਦੀ ਟਰਾਇਲ ਕੋਰਟ ’ਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ, ਜੋਕਿ ਖ਼ਾਰਜ ਕਰ ਦਿੱਤੀ ਗਈ ਸੀ। ਅਜਿਹੇ ’ਚ ਹੁਣ ਇਸ ਮਾਮਲੇ ’ਚ ਉਨ੍ਹਾਂ ਹਾਈ ਕੋਰਟ ਨੂੰ ਦੱਸਿਆ ਕਿ ਧਾਰਾ 188 ਨਾਲ ਜੁੜੇ ਅਪਰਾਧ ਤਹਿਤ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ। ਧਾਰਾ 195 ਮੁਤਾਬਕ ਕੋਈ ਅਦਾਲਤ ਧਾਰਾ 172 ਤੋਂ ਲੈ ਕੇ 188 ਤਕ ਕਿਸੇ ਅਪਰਾਧ ’ਤੇ ਨੋਟਿਸ ਨਹੀਂ ਲਵੇਗੀ ਤੇ ਨਾ ਕਿਸੇ ਪਬਲਿਸ ਸਰਵੈਂਟ ਦੀ ਸ਼ਿਕਾਇਤ ਹੋ ਸਕਦੀ ਹੈ। ਹਾਈ ਕੋਰਟ ਨੇ ਇਨ੍ਹਾਂ ਸਾਰੇ ਆਗੂਆਂ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਟਰਾਇਲ ਕੋਰਟ ਨੂੰ ਆਦੇਸ਼ ਦਿੱਤੇ ਕਿ ਇਸ ਕੇਸ ’ਚ ਹਾਈ ਕੋਰਟ ਦੀ ਸੁਣਵਾਈ ਤਕ ਟਰਾਇਲ ਕੋਰਟ ਇਸ ਕੇਸ ਦੀ ਸੁਣਵਾਈ ਨਾ ਕਰੇ।