ਬਠਿੰੰਡਾ : ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਦਾ ਬੁੱਧਵਾਰ ਸ਼ਾਮ ਨੂੰ ਤਖਤਾ ਪਲਟ ਦਿੱਤਾ ਗਿਆ। ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਹੁੰਦਿਆਂ ਰਮਨ ਗੋਇਲ ਨੂੰ ਮੇਅਰ ਬਣਾਇਆ ਸੀ। ਹਾਲਾਂਕਿ ਮੇਅਰ ਰਮਨ ਗੋਇਲ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰ ਬੇਭਰੋਸਗੀ ਦੇ ਮਤੇ ਵਾਲੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਉਹ ਇਸ ਮੀਟਿੰਗ ਨੂੰ ਗੈਰ-ਕਾਨੂੰਨੀ ਕਰਾਰ ਦੇ ਰਹੀ ਹੈ। ਉਸ ਨੇ ਇਸ ਮਾਮਲੇ ਵਿਚ ਅਦਾਲਤ ਜਾਣ ਦੀ ਗੱਲ ਵੀ ਕੀਤੀ ਹੈ ਪਰ ਨਿਯਮਾਂ ਅਨੁਸਾਰ ਮੀਟਿੰਗ ਵਿਚ ਹਾਜ਼ਰ ਨਾ ਹੋਣ ਕਾਰਨ ਉਸ ਨੂੰ ਮੇਅਰ ਦੀ ਕੁਰਸੀ ਤੋਂ ਲਾਹ ਦਿੱਤਾ ਗਿਆ ਹੈ। ਦੂਜੇ ਪਾਸੇ ਉਨ੍ਹਾਂ ਦਾ ਤਖਤਾ ਪਲਟਣ ਤੋਂ ਬਾਅਦ ਕਾਂਗਰਸੀਆਂ ‘ਚ ਖੁਸ਼ੀ ਦੀ ਲਹਿਰ ਹੈ। ਮੀਟਿੰਗ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਨੇ ਕਾਂਗਰਸ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਿੰਦਾਬਾਦ ਦੇ ਨਾਅਰੇ ਲਾਏ।