ਚੰਡੀਗੜ੍ਹ, 15 ਨਵੰਬਰ-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਦੌਰਾਨ ਨੌਜਵਾਨਾਂ ਨੂੰ ਲਗਾਤਾਰ ਸਰਕਾਰੀ ਨੌਕਰੀਆਂ ਦੇਣ ਕਾਰਨ ਪੰਜਾਬ ਦੇ 50 ਹਜ਼ਾਰ ਤੋਂ ਵੱਧ ਪਰਿਵਾਰਾਂ ਦੀ ਇਸ ਵਾਰ ਦੀਵਾਲੀ ਖੁਸ਼ਹਾਲ ਹੋਈ ਹੈ।
ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ 18 ਮਹੀਨਿਆਂ ਵਿੱਚ 37 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਹ ਔਸਤ ਹਰ ਸਾਲ 23 ਹਜ਼ਾਰ ਦੇ ਕਰੀਬ ਹੈ। ਇਸ ਦੇ ਉਲਟ ਪਿਛਲੀ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ 56 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਸਨ, ਜੋ ਹਰ ਸਾਲ ਔਸਤਨ 11325 ਦੇ ਕਰੀਬ ਬਣਦੀ ਹੈ।
ਇਸ ਤੋਂ ਇਲਾਵਾ ਮਾਨ ਸਰਕਾਰ ਨੇ ਕਰੀਬ 12000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। 31 ਦਸੰਬਰ 2023 ਤੱਕ ਕਰੀਬ 9 ਹਜ਼ਾਰ ਹੋਰ ਕਰਮਚਾਰੀਆਂ ਦੀ ਨੋਕਰੀ ਪੱਕੀ ਹੋ ਜਾਵੇਗੀ। ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਵੀ ਤਕਰੀਬਨ ਤਿੰਨ ਗੁਣਾ ਵਾਧਾ ਹੋਇਆ ਹੈ।
ਨਿਵੇਸ਼ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੇ 2017 ਤੋਂ 2022 ਦੇ ਅਰਸੇ ਦੌਰਾਨ ਪੰਜਾਬ ਵਿੱਚ ਲਗਭਗ 1 ਲੱਖ 17 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇਸ ਦੇ ਨਾਲ ਹੀ ਮਾਨ ਸਰਕਾਰ ਦੇ ਮਹਿਜ਼ 18 ਮਹੀਨਿਆਂ ਵਿੱਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜੇ ਹੋਰ ਵਧਣਗੇ।
ਇਨ੍ਹਾਂ ਨਿਵੇਸ਼ਾਂ ਸਦਕਾ ਪੰਜਾਬ ਵਿੱਚ 3800 ਦੇ ਕਰੀਬ ਨਵੇਂ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ ਜਿਸ ਨਾਲ ਕਰੀਬ 3 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਸ ਦੇ ਉਲਟ ਪਿਛਲੀਆਂ ਸਰਕਾਰਾਂ ਵਿਚ ਨੌਕਰੀਆਂ ਦੇ ਨਾਂ ‘ਤੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਜਾਬ ਕਾਰਡ ਵੰਡ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਸੀ ਕਿ ਇਸ ਕਾਰਡ ਰਾਹੀਂ ਉਨ੍ਹਾਂ ਨੂੰ ਨੌਕਰੀਆਂ ਮਿਲਣਗੀਆਂ। ਅਸੀਂ ਅਜਿਹਾ ਕੁਝ ਨਹੀਂ ਕਰਦੇ। ਅਸੀਂ ਵਾਅਦਿਆਂ ਤੋਂ ਪਿੱਛੇ ਨਹੀਂ ਹਟਦੇ।