ਅੰਮ੍ਰਿਤਸਰ, 14 ਅਗਸਤ (ਦਲਜੀਤ ਸਿੰਘ)- ਗੁਆਂਢੀ ਮੁਲਕ ਪਾਕਿਸਤਾਨ ਅੱਜ ਯਾਨੀ ਕਿ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾ ਰਿਹਾ ਹੈ।ਇਸ ਮੌਕੇ ਪਾਕਿ ਰੇਂਜਰਸ ਨੇ BSF ਦੇ ਜਵਾਨਾਂ ਨੂੰ ਮਠਿਆਈ ਵੰਢੀ। ਪਾਕਿਸਤਾਨ ਰੇਂਜਰਸ ਵੱਲੋਂ ਲੈਫਟੀਨੈਂਟ ਕਰਨਲ ਹਸਨ ਨੇ ਜ਼ੀਰੋ ਲਾਈਨ ‘ਤੇ ਮਠਿਆਈ ਦੇਣ ਦੀ ਰਸਮ ਨਿਭਾਈ। BSF ਵੱਲੋਂ ਕਮਾਂਡੈਂਟ ਜਗਜੀਤ ਸਿੰਘ ਇਸ ਮੌਕੇ ਮੋਜੂਦ ਸਨ। ਪਿਛਲੇ ਕਰੀਬ ਦੋ ਢਾਈ ਸਾਲਾਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਕੁੜੱਤਣ ਭਰੇ ਮਾਹੌਲ ਕਾਰਨ ਦੋਵੇਂ ਦੇਸ਼ ਇਹ ਰਸਮ ਨਿਭਾਉਣ ਤੋਂ ਪਛਾਂਹ ਹਟ ਗਏ ਸਨ।ਪਰ ਇਸ ਵਾਰ ਪਾਕਿਸਤਾਨ ਦੇ ਰੇਂਜਰਸ ਨੇ ਪਾਕਿ ਦੇ ਆਜਾਦੀ ਦਿਹਾੜੇ ‘ਤੇ ਮਠਿਆਈ ਦੇਣ ਦੀ ਪਹਿਲ ਕੀਤੀ ਜਿਸ ਨੂੰ BSF ਨੇ ਵੀ ਖਿੜੇ ਮੱਥੇ ਕਬੂਲ ਕੀਤਾ। ਭਲਕੇ ਭਾਰਤ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪਾਕਿ ਰੇਂਜਰਸ ਨੂੰ ਮਠਿਆਈ ਦੇਣ ਦੀ ਸੰਭਾਵਨਾ ਹੈ।
ਦਰਅਸਲ, ਭਾਰਤੀ ਸੁਤੰਤਰਤਾ ਬਿੱਲ 4 ਜੁਲਾਈ 1947 ਨੂੰ ਬ੍ਰਿਟਿਸ਼ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤਾ ਗਿਆ ਸੀ। ਬਿੱਲ ਵਿੱਚ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੇ ਨਿਰਮਾਣ ਦਾ ਪ੍ਰਸਤਾਵ ਸੀ। ਉਸ ਤੋਂ ਬਾਅਦ ਇਹ ਬਿੱਲ 18 ਜੁਲਾਈ 1947 ਨੂੰ ਸਵੀਕਾਰ ਕਰ ਲਿਆ ਗਿਆ ਅਤੇ 14 ਅਗਸਤ ਨੂੰ ਵੰਡ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਦੋ ਦੇਸ਼ਾਂ ਦਾ ਜਨਮ 14-15 ਅਗਸਤ ਦੀ ਅੱਧੀ ਰਾਤ ਨੂੰ ਹੋਇਆ। ਦੋਵੇਂ ਦੇਸ਼ ਅੱਧੀ ਰਾਤ ਨੂੰ ਹੋਂਦ ਵਿੱਚ ਆਏ ਪਰ ਪਾਕਿਸਤਾਨ ਆਪਣਾ ਸੁਤੰਤਰਤਾ ਦਿਵਸ ਇੱਕ ਦਿਨ ਪਹਿਲਾਂ ਭਾਵ 15 ਅਗਸਤ ਦੀ ਬਜਾਏ 14 ਅਗਸਤ ਨੂੰ ਮਨਾਉਂਦਾ ਹੈ ਜਦੋਂ ਕਿ ਭਾਰਤ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦਾ ਹੈ।