ਗੁਰਦਾਸਪੁਰ,13 ਅਗਸਤ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ, ਪਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਆ ਜਾਣ। ਅੱਜ 8 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ 11 ਮੀਟਿੰਗਾਂ ਹੋ ਚੁੱਕੀਆ ਹਨ, ਜੋ ਕਿ ਬੇਸਿੱਟਾ ਰਹੀਆ ਹਨ, ਪਰ ਫ਼ਿਰ ਵੀ ਅਸੀਂ ਇਸ ਸਬੰਧੀ ਚਿੱਠੀ ਵੀ ਲਿੱਖੀ ਹੈ ਕਿ ਸਾਨੂੰ ਜਵਾਬ ਆਇਆ ਹੈ ਕਿ ਕਾਨੂੰਨ ਰੱਦ ਨਹੀਂ ਹੋਣੇ, ਅਸੀ ਗੱਲਬਾਤ ਕਰਨ ਲਈ ਤਿਆਰ ਹਾਂ। ਇਸ ’ਤੇ ਵਿਅੰਗ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਤਾਂ ਉਹ ਹਿਸਾਬ ਹੈ ਕਿ ਬੂਹਾ ਬੰਦ ਹੈ ਤੁਸੀਂ ਕੰਧ ਟੱਪ ਕੇ ਆ ਜਾਓ ਕਿ ਸਿੱਧੇ ਤੌਰ ’ਤੇ ਇਨ੍ਹਾਂ ਕਾਨੂੰਨ ਨੂੰ ਰੱਦ ਕਰਨ ਵਿੱਚ ਕੀ ਦਿੱਕਤ ਹੈ?
ਉਗਰਾਹਾਂ ਨੇ ਕਿਹਾ ਕਿ ਅਸੀ ਸੜਕਾਂ ’ਤੇ ਤਾਂ ਹੀ ਬੈਠੇ ਹੈ ਜੇਕਰ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਕਾਲੇ ਕਾਨੂੰਨ ਰੱਦ ਕਰ ਦੇਣ ਤਾਂ ਸਾਨੂੰ ਸੰਘਰਸ਼ ਦੀ ਲੋੜ ਨਹੀਂ। ਕੋਈ ਵੀ ਸਰਕਾਰ ਜੋ ਵਾਅਦੇ ਕਰਦੀ ਹੈ, ਉਹ ਪੂਰੇ ਨਹੀਂ ਕਰਦੀ। ਜਿਸ ਕਰਕੇ ਲੋਕ ਤਲੱਖੀ ਵਿੱਚ ਆ ਕੇ ਧਰਨੇ ਲਾਉਣ ਲਈ ਮਜ਼ਬੂਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਭਾਜਪਾ ਦਾ ਕਾਰਕੁੰਨ ਹੈ, ਇਹ ਸਾਡੀ ਜਥੇਬੰਦੀ ਦੀ ਇਸ ਕਰਕੇ ਪ੍ਰਸ਼ੰਸਾ ਕਰਦਾ ਹੈ ਕਿ ਅਸੀਂ ਕਿਸੇ ਦੀ ਜ਼ਮੀਨ ਨੂੰ ਨਹੀਂ ਵਾਉਂਦੇ।