ਚੰਡੀਗੜ੍ਹ : ਪੰਜਾਬ ਸਰਕਾਰ ਦੇ ਯਤਨਾਂ ਸਦਕਾਂ ਸ਼ੈਲਰ ਮਾਲਕਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਇਹ ਫ਼ੈਸਲਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੀਟਿੰਗ ਤੋਂ ਬਾਅਦ ਲਿਆ। ਮੀਟਿੰਗ ਮਗਰੋਂ ਜਾਰੀ ਬਿਆਨ ‘ਚ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮਿੱਲਰਾਂ ਦੇ ਬਹੁਤੇ ਮਾਮਲੇ ਕੇਂਦਰ ਸਰਕਾਰ ਨਾਲ ਸਬੰਧਿਤ ਹਨ। ਮੰਤਰੀ ਕਟਾਰੂਚੱਕ ਨੇ ਅਨਾਜ ਭਵਨ ਚੰਡੀਗੜ੍ਹ ‘ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਿੱਲਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਦੀਆਂ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ‘ਤੇ ਵਿਸਥਾਰ ਪੂਰਵਰਕ ਚਰਚਾ ਕਰਦੇ ਹੋਏ ਅਗਲੇਰੀ ਕਾਰਵਾਈ ਹਿੱਤ ਕੇਂਦਰ ਸਰਕਾਰ ਨੂੰ ਭੇਜਣ ਦਾ ਫ਼ੈਸਲਾ ਹੋਇਆ। ਐਸੋਸੀਏਸ਼ਨ ਵੱਲੋਂ ਹੜਤਾਲ ਖ਼ਤਮ ਕਰਨ ਦੀ ਹਾਮੀ ਭਰੀ ਗਈ। ਇਸ ਮੌਕੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿੱਲਰਜ਼ ਦੀਆਂ ਵਾਜ਼ਿਬ ਮੰਗਾਂ ‘ਤੇ ਮਿੱਲਰ ਭਰਾਵਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਦੱਸਣਯੋਗ ਹੈ ਕਿ ਭਾਰਤੀ ਖ਼ੁਰਾਕ ਨਿਗਮ ਨੇ ਵਿਸ਼ੇਸ਼ ਤੱਤਾਂ ਵਾਲ ਚੌਲ ਦੇ ਮਸਲੇ ‘ਤੇ ਸ਼ੈੱਲਰ ਮਾਲਕਾਂ ਨੂੰ ਤਾੜ ਦਿੱਤਾ ਹੈ ਅਤੇ ਨਿਗਮ ਦੀਆਂ ਸ਼ਰਤਾਂ ਦੀ ਪੂਰਤੀ ਚੌਲ ਮਿੱਲ ਮਾਲਕਾਂ ਦੇ ਵੱਸ ਦੀ ਨਹੀਂ ਹੈ। ਇਸ ਲਈ ਪੰਜਾਬ ‘ਚ ਰਾਈਸ ਸ਼ੈਲਰਾਂ ਦੇ ਮਾਲਕ 10 ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਸਨ।