ਲੁਧਿਆਣਾ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਦੇ ‘ਸਟੀਲ ਪਲਾਂਟ’ ਦਾ ਨੀਂਹ ਪੱਥਰ ਅੱਜ ਲੁਧਿਆਣਾ ਜ਼ਿਲ੍ਹੇ ਵਿਚ ਰੱਖ ਦਿੱਤਾ ਗਿਆ। ਅੱਜ ਦੇ ਦਿਨ ਨੂੰ ਇਤਿਹਾਸਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ 2600 ਕਰੋੜ ਰੁਪਏ ਇਨਵੈਸਟ ਹੋਣਗੇ ਅਤੇ 2000 ਤੋਂ ਵੱਧ ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਟਾਟਾ ਵਰਗੀਆਂ ਵੱਡੀਆਂ ਕੰਪਨੀਆਂ ਆਉਂਦੀਆਂ ਹਨ ਤਾਂ ਉਨ੍ਹਾਂ ਨਾਲ ਹੋਰ ਬਹੁਤ ਕੰਪਨੀਆਂ ਸੂਬੇ ਵਿਚ ਕਾਰੋਬਾਰ ਲੈ ਕੇ ਆਉਂਦੀਆਂ ਹਨ। ਮੁੱਖ ਮੰਤਰੀ ਨੇ ਪਿੰਡ ਦੀਆਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਲਾਂਟ ਲਗਾਉਣ ਲਈ ਜ਼ਮੀਨ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਟਾਟਾ ਤੋਂ ਵਾਅਦਾ ਲਿਆ ਹੈ ਕਿ ਜਿਨ੍ਹਾਂ ਤੋਂ ਜ਼ਮੀਨ ਮਿਲੀ ਹੈ ਸਭ ਤੋਂ ਪਹਿਲਾਂ ਉਨ੍ਹਾਂ ਦੇ ਧੀਆਂ-ਪੁੱਤਾਂ ਨੂੰ ਹੀ ਕੰਮ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮੁੰਬਈ ਇਨਵੈਸਟ ਪੰਜਾਬ ਦੇ ਸਬਮਿਟ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਟਾਟਾ ਹਾਊਸ ਵਿਚ ਵਿਜ਼ਿਟ ਕਰਨ ਦਾ ਮੌਕਾ ਮਿਲਿਾ ਸੀ। ਉਥੇ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਇਹ ਕਿਸੇ ਕੰਪਨੀ ਦਾ ਦਫਤਰ ਹੈ, ਇੰਝ ਲੱਗਦਾ ਸੀ ਜਿਵੇਂ ਆਜ਼ਾਦੀ ਦੀ ਲਹਿਰ ਦਾ ਕੋਈ ਮਿਊਜ਼ੀਅਮ ਹੋਵੇ। ਟਾਟਾ ਦੇਸ਼ ਭਗਤ ਕੰਪਨੀ ਹੈ ਜਿਸ ਨੇ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਇਆ। ਮੁੱਖ ਮੰਤਰੀ ਨੇ ਕਿਹਾ ਕਿ ਹਰ ਕੰਪਨੀ ਦਾ ਮਕਸਦ ਹੁੰਦਾ ਹੈ ਲਾਭ ਤੇ ਫਾਇਦਾ ਪਰ ਦੇਸ਼ ਭਗਤੀ ਸਿਰਫ ਟਾਟਾ ਦੇ ਹਿੱਸੇ ਵਿਚ ਆਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪਲਾਂਟ 115 ਏਕੜ ’ਚ ਬਣਿਆ ਹੈ ਜਿਸ ਤੋਂ 0 ਫੀਸਦੀ ਪਲਿਊਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਨੂੰ ਹੁਣ ਟਾਟਾ ਚਲਾਏਗਾ। ਜਿਵੇਂ ਟਾਟਾ ਸਕਾਈ ਰਾਹੀਂ ਟੀ. ਵੀ. ਚੈਨਲ ਦੇਖੇ ਜਾਂਦੇ ਸਨ, ਹੁਣ ਟਾਟਾ ਸਕਾਈ ਜਹਾਜ਼ਾਂ ਦਾ ਨਾਮ ਹੋਵੇਗਾ। ਸਾਡੀ ਪਹਿਲਾਂ ਹੀ ਗੱਲ ਹੋਈ ਹੈ ਕਿ ਜਦੋਂ ਫਲਾਈਟ ਸ਼ੁਰੂ ਹੋਵੇ ਤਾਂ ਸਭ ਤੋਂ ਪਹਿਲਾਂ ਮੋਹਾਲੀ ਤੋਂ ਟੋਰਾਂਟੋ ਦੀ ਫਲਾਈਟ ਸ਼ੁਰੂ ਕੀਤੀ ਜਾਵੇ ਜਿਸ ਲਈ ਕੰਮ ਚੱਲ ਰਿਹਾ ਹੈ। ਮਾਨ ਨੇ ਕਿਹਾ ਕਿ ਪੰਜਾਬੀ ਭੀਖ ਮੰਗਣ ਵਾਲੇ ਨਹੀਂ, ਮਿਹਨਤ ਨਾਲ ਕਮਾ ਕੇ ਖਾਣ ਵਾਲੇ ਹਨ। ਇਕ ਸਾਲ ਵਿਚ ਭੂਮੀ ਭੂਜਨ ’ਤੇ ਆ ਗਏ ਹਾਂ ਅਗਲੇ ਸਾਲ ਤਕ ਪਲਾਂਟ ਚੱਲ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਕਿਸੇ ਤਰ੍ਹਾਂ ਦੇ ਕੰਮ ਵਿਚ ਕੋਈ ਹਿੱਸਾ ਨਹੀਂ ਹੈ, ਜੇ ਮੇਰਾ ਹਿੱਸਾ ਹੈ ਤਾਂ ਉਹ ਪੰਜਾਬ ਦੀ ਸਵਾ ਤਿੰਨ ਕਰੋੜ ਆਬਾਦੀ ਦੇ ਦੁੱਖਾਂ ਸੁੱਖਾਂ ਵਿਚ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤਕ 35 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਪਿੰਡਾਂ ਦੇ ਮੁੰਡੇ-ਕੁੜੀਆਂ ਜੱਜ ਬਣ ਰਹੇ ਹਨ। ਟਾਟਾ ਸਟੀਲ ਇਕ ਬਹੁਤ ਵੱਡਾ ਨਾਂ ਹੈ, ਇਹ ਪੰਜਾਬ ਵਿਚ ਲੱਗਣ ਵਾਲੀ ਪਹਿਲੀ ਜਾਂ ਆਖਰੀ ਕੰਪਨੀ ਨਹੀਂ ਹੈ, ਇਹ ਸਿਲਸਿਲਾ ਚੱਲਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ’ਚੋਂ ਟੀਕੇ ਖੋਹ ਕੇ ਟਿਫਨ ਫੜਾਉਣੇ ਚਾਹੁੰਦਾ ਹਾਂ, ਉਹ ਕੰਮ ’ਤੇ ਜਾਣ ਤੇ ਕੰਮ ਤੋਂ ਘਰ ਆ ਕੇ ਆਪਣੇ ਪਰਿਵਾਰ ਵਿਚ ਰਹਿ ਕੇ ਜੀਵਨ ਬਸਰ ਕਰਨ।