ਚੰਡੀਗੜ੍ਹ, 24 ਦਸੰਬਰ
ਇੱਥੋਂ ਦੀ 71 ਸਾਲਾਂ ਮਹਿਲਾ ਨੇ ਆਪਣੇ ਪਤੀ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪੀੜਤ ਮਹਿਲਾ ਹਰਭਜਨ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਕਥਿਤ ਵਤੀਰੇ ਤੋਂ ਤੰਗ ਹੈ। ਉਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਇੱਥੇ ਧਨਾਸ ਸਥਿਤ ਮਿਲਕ ਕਲੋਨੀ ਵਿੱਚ ਉਸ ਦੇ ਪਤੀ ਵੱਲੋਂ ਕੋਠੀ ਵਿੱਚ ਦਿੱਤੇ ਇੱਕ ਕਮਰੇ ਵਿੱਚ ਇਕੱਲੇ ਹੀ ਗੁਜ਼ਾਰਾ ਕਰ ਰਹੀ ਹੈ। ਉਸ ਦੇ ਬੇਟਾ ਤੇ ਬੇਟੀ ਦੋਵੇਂ ਵਿਦੇਸ਼ ਵਿੱਚ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਤੰਗ ਕਰਦਾ ਆ ਰਿਹਾ ਹੈ ਅਤੇ ਉਹ ਕਾਫ਼ੀ ਦੇਰ ਤੋਂ ਮਾਨਸਿਕ ਪੀੜਾ ਸਹਿਣ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਘੇ ਨਵੰਬਰ ਮਹੀਨੇ ਉਸ ਦੇ ਪਤੀ ਨੇ ਉਸ ਦੇ ਕਮਰੇ ਦਾ ਤਾਲਾ ਤੋੜ ਕੇ ਉਸ ਦੇ ਸੋਨੇ ਦੇ ਗਹਿਣੇ, ਨਕਦੀ, ਵਿਦੇਸ਼ੀ ਕਰੰਸੀ ਅਤੇ ਕਈਂ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ ਸਨ। ਇਸ ਨੂੰ ਲੈ ਕੇ ਉਨ੍ਹਾਂ 21 ਨਵੰਬਰ ਬਕਾਇਦਾ ਸਾਰੰਗਪੁਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਹਰਭਜਨ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਸ਼ਿਕਾਇਤ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਐਫਆਈਆਰ ਦਰਜ ਕੀਤੀ ਗਈ ਹੈ, ਜਦੋਂਕਿ ਉਹ ਇਸ ਬਾਰੇ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਵੀ ਸ਼ਿਕਾਇਤ ਕਰ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਸ ਦੀ ਆਪਣੇ ਪਤੀ ਨਾਲ ਸ਼ੁਰੂ ਤੋਂ ਹੀ ਨਹੀਂ ਬਣਦੀ ਸੀ। ਜਿਸ ਕੋਠੀ ਵਿੱਚ ਉਹ ਆਪਣੇ ਪਤੀ ਨਾਲ ਰਹੀ ਰਹੀ ਹੈ, ਉਹ ਕੋਠੀ ਉਸ ਦੇ ਪੇਕੇ ਘਰ ਵਾਲਿਆਂ ਨੇ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਦੁਆਈ ਸੀ, ਪਰ ਪਤੀ ਤੇ ਪਤਨੀ ਦੇ ਆਪਸੀ ਰਿਸ਼ਤਿਆਂ ਵਿੱਚ ਪਈ ਤਰੇੜ ਤੋਂ ਬਾਅਦ ਅੱਜ ਉਹ ਆਪਣੀ ਹੀ ਕੋਠੀ ਵਿੱਚ ਇੱਕ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿਣ ਨੂੰ ਮਜਬੂਰ ਹੈ। ਇਸ ਦੇ ਬਾਵਜੂਦ ਉਸ ਦਾ ਪਤੀ ਉਸ ਨੂੰ ਪ੍ਰੇਸ਼ਾਨ ਕਰਦਾ ਹੈ।
ਉਨ੍ਹਾਂ ਚੰਡੀਗੜ੍ਹ ਪੁਲੀਸ ਸਮੇਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾਵੇ। ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਇਸਤਰੀ ਸਭਾ, ਆਲ ਇੰਡੀਆ ਪ੍ਰੋਗਰੈਸਿਵ ਵਿਮੈਨ ਐਸੋਸੀਏਸ਼ਨ, ਇਸਤਰੀ ਜਾਗ੍ਰਿਤੀ ਮੰਚ, ਦਿਸ਼ਾ ਫਾਊਂਡੇਸ਼ਨ ਮੁਹਾਲੀ, ਨਾਰੀ ਮੁਕਤੀ ਮੋਰਚਾ ਪੰਜਾਬ ਅਤੇ ਸ਼ਮਸ਼ੀਰ ਜਥੇਬੰਦੀਆਂ ਨੇ ਹਰਭਜਨ ਕੌਰ ਦੇ ਹਮਾਇਤ ਕਰਦਿਆਂ ਉਨ੍ਹਾਂ ਲਈ ਇਨਸਾਫ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦੀਆਂ ਮਹਿਲਾ ਅਹੁਦੇਦਾਰਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅੱਜ ਇਹ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦ ਹੋਏ 75 ਵਰ੍ਹੇ ਹੋ ਚੁੱਕੇ ਹਨ ਪਰ ਦੇਸ਼ ਦੀ ਮਹਿਲਾ ਅੱਜ ਵੀ ਗੁਲਾਮ ਹੈ ਅਤੇ ਇਨਸਾਫ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਰੀ ਜਾਤੀ ਦੀ ਜਾਨ ਤੇ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਬਣਦੀ ਕਾਰਵਾਈ ਕਰਾਂਗੇ: ਐੱਸਐੱਚਓ
ਥਾਣਾ ਸਾਰੰਗਪੁਰ ਦੇ ਐੱਸਐੱਚਓ ਰੋਹਿਤ ਕੁਮਾਰ ਨੇ ਕਿਹਾ ਕਿ ਹਰਭਜਨ ਕੌਰ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ।