ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ,ਐਕਸ਼ਨ ‘ਚ DGP ਪੰਜਾਬ


ਜਲੰਧਰ- 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਨਰਾਤਿਆਂ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਪੁਲਸ ਨੇ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ ਅਤੇ ਪੰਜਾਬ ਪੁਲਸ ਦੇ ਮਹਾਨਿਰਦੇਸ਼ਕ (ਡੀ.ਜੀ.ਪੀ.) ਗੌਰਵ ਯਾਦਵ ਨੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਹੁਕਮ ਭੇਜ ਕੇ ਕਿਹਾ ਹੈ ਕਿ ਸੂਬੇ ’ਚ ਸਾਰੇ ਮੰਦਰਾਂ ਦੇ ਆਲੇ-ਦੁਆਲੇ ਨਰਾਤਿਆਂ ਤੋਂ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਜਾਣ।
ਡੀ.ਜੀ.ਪੀ. ਨੇ ਆਪਣੇ ਹੁਕਮਾਂ ’ਚ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਰਾਤ ਦੇ ਸਮੇਂ ਲੋਕ ਮੰਦਰਾਂ ’ਚ ਖ਼ਾਸ ਤੌਰ ’ਤੇ ਭਾਰੀ ਗਿਣਤੀ ’ਚ ਪਹੁੰਚਦੇ ਹਨ। ਇਸ ਲਈ ਨਰਾਤਿਆਂ ਦੇ 9 ਦਿਨਾਂ ’ਚ ਜਿੱਥੇ ਇਕ ਪਾਸੇ ਦਿਨ ਦੇ ਸਮੇਂ ਸਖ਼ਤ ਸੁਰੱਖਿਆ ਵਿਵਸਥਾ ਬਣਾ ਕੇ ਰੱਖੀ ਜਾਵੇ, ਉਥੇ ਹੀ ਦੂਜੇ ਪਾਸੇ ਰਾਤ ਦੇ ਸਮੇਂ ਸੁਰੱਖਿਆ ਨੂੰ ਹੋਰ ਸਖ਼ਤ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਕੁਝ ਜ਼ਿਲ੍ਹਿਆਂ ਨੂੰ ਵਾਧੂ ਪੁਲਸ ਫੋਰਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਮੰਦਰਾਂ ਦੇ ਬਾਹਰ ਤਾਇਨਾਤ ਕੀਤਾ ਜਾ ਸਕੇ।

ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਭੇਜੇ ਗਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਵਰਗੇ ਵੱਡੇ ਮਹਾਨਗਰਾਂ ’ਚ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾਵੇ ਅਤੇ ਪੁਲਸ ਅਧਿਕਾਰੀਆਂ ਨੂੰ ਫੀਲਡ ’ਚ ਭੇਜਿਆ ਜਾਵੇ ਤਾਂ ਕਿ ਉਹ ਹੁਣ ਤੋਂ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈ ਸਕਣ। ਉਨ੍ਹਾਂ ਕਿਹਾ ਕਿ ਪੁਲਸ ਥਾਣਿਆਂ ਦੇ ਐੱਸ. ਐੱਚ. ਓਜ਼. ਨੂੰ ਹੁਕਮ ਦਿੱਤੇ ਜਾਣ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਆਉਣ ਵਾਲੇ ਇਲਾਕਿਆਂ ’ਚ ਗਸ਼ਤ ਨੂੰ ਵਧਾਉਣ ਅਤੇ ਜਨਤਾ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾਈ ਗਈ ਹੈ ਪਰ ਨਰਾਤਿਆਂ ਨੂੰ ਦੇਖਦੇ ਹੋਏ ਮੰਦਰਾਂ ਦੇ ਆਸ-ਪਾਸ ਵੱਧ ਧਿਆਨ ਦਿੱਤਾ ਜਾ ਰਿਹਾ ਹੈ।

ਡੀ.ਜੀ.ਪੀ. ਨੇ ਆਪਣੇ ਹੁਕਮਾਂ ’ਚ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਅਪਰਾਧਮੁਕਤ ਸੂਬਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਉਸ ਨੂੰ ਦੇਖਦੇ ਹੋਏ ਹੀ ਪੰਜਾਬ ਪੁਲਸ ਵੱਲੋਂ ਸਾਰੇ ਤਿਉਹਾਰਾਂ ਦੇ ਆਸ-ਪਾਸ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ। ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਇਸ ਲਈ ਸਰਹੱਦੀ ਜ਼ਿਲਿਆਂ ’ਚ ਖਾਸ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *