ਚੰਡੀਗੜ੍ਹ – ਐੱਨ. ਡੀ. ਪੀ. ਐੱਸ. ਮਾਮਲਿਆਂ ਦੀ ਜਾਂਚ ‘ਚ ਦੇਰੀ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੋਟਿਸ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਅਤੇ ਗ੍ਰਹਿ ਸਕੱਤਰ ਅਦਾਲਤ ‘ਚ ਪੇਸ਼ ਹੋਏ। ਉਨ੍ਹਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਪੀ. ਵੀ ਅਦਾਲਤ ‘ਚ ਪੇਸ਼ ਹੋਏ। ਉਨ੍ਹਾਂ ਨੂੰ ਖ਼ੁਦ ਪੇਸ਼ ਹੋ ਕੇ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਦੇ ਹੁਕਮ ਦਿੱਤੇ ਗਏ ਸਨ।
ਇਨ੍ਹਾਂ ਸਾਰਿਆਂ ਨੂੰ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਐਫੀਡੇਵਿਟ ‘ਚ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਐੱਨ. ਡੀ. ਪੀ. ਐੱਸ. ਦੇ ਇਕ ਮਾਮਲੇ ‘ਚ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ‘ਚ ਬੰਦ ਇਕ ਨੌਜਵਾਨ ਦੀ ਜਾਂਚ ਦੇ ਮਾਮਲੇ ਸਬੰਧੀ ਉਕਤ ਕਾਰਵਾਈ ਕੀਤੀ ਗਈ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਲੰਬੇ ਅਰਸੇ ਤੋਂ ਜੇਲ੍ਹ ‘ਚ ਬੰਦ ਹੈ ਪਰ ਪੁਲਸ ਦੀ ਜਾਂਚ ਅੱਗੇ ਨਹੀਂ ਵੱਧ ਰਹੀ।
ਇਸ ਮਾਮਲੇ ‘ਚ ਕਰੀਬ 24 ਅਧਿਕਾਰੀਆਂ ਨੂੰ ਗਵਾਹ ਬਣਾਇਆ ਗਿਆ ਸੀ ਪਰ ਅਜੇ ਤੱਕ ਸਿਰਫ ਇਕ ਹੀ ਗਵਾਹੀ ਹੋਈ ਹੈ। ਇਸ ਦੇ ਚੱਲਦਿਆਂ ਟ੍ਰਾਇਲ ‘ਚ ਦੇਰੀ ਹੋ ਰਹੀ ਹੈ। ਹਾਈਕੋਰਟ ਨੇ ਕਿਹਾ ਸੀ ਕਿ ਨਸ਼ੇ ਦੇ ਕਾਰੋਬਾਰ ਦੇ ਚੱਲਦਿਆਂ ਨੌਜਵਾਨ ਬਰਬਾਦ ਹੋ ਰਿਹਾ ਹੈ ਪਰ ਪੁਲਸ ਅਜਿਹੇ ਮਾਮਲਿਆਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕਰ ਰਹੀ।