ਚੰਡੀਗੜ੍ਹ : ‘ਸਿੱਖਸ ਫਾਰ ਜਸਟਿਸ’ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਗਿੱਦੜ ਧਮਕੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਕੈਨੇਡਾ ਅਤੇ ਸਰੀ ‘ਚ ਖ਼ਾਲਿਸਤਾਨ ਰਿਫਰੈਂਡਮ ਰੱਦ ਹੋਣ ਮਗਰੋਂ ਹੁਣ ਪੰਨੂ ਲੋਹਾ-ਲਾਖਾ ਹੋ ਗਿਆ ਹੈ। ਉਸ ਨੇ ਮੁੜ ਘੁਰਨੇ ‘ਚੋਂ ਬਾਹਰ ਆ ਕੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਗਿੱਦੜ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਨ ਵਾਲਿਆਂ ਕੋਲੋਂ ਬਦਲਾ ਲਿਆ ਜਾਵੇਗਾ।
ਹਰ ਵਾਰ ਦੀ ਤਰ੍ਹਾਂ ਗਿੱਦੜ ਭਬਕੀ ਦਿੰਦਿਆਂ ਪੰਨੂ ਨੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਜੈਸ਼ੰਕਰ ਨੂੰ ਚੈਲੰਜ ਕੀਤਾ ਹੈ। ਉਸ ਨੇ ਕਿਹਾ ਕਿ 29 ਅਕਤੂਬਰ ਨੂੰ ਸਰੀ ਵਿਖੇ ਦੁਬਾਰਾ ਖ਼ਾਲਿਸਤਾਨ ਰਿਫਰੈਂਡਮ ਹੋ ਰਿਹਾ ਹੈ। ਜਿੱਥੇ ਨਿੱਜਰ ਦਾ ਕਤਲ ਹੋਇਆ ਹੈ, ਉੱਥੇ ਆਜ਼ਾਦੀ ਦੀ ਜੰਗ ਮੁੜ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪਨੂੰ ਨੂੰ ਝਟਕੇ ‘ਤੇ ਝਟਕਾ ਲੱਗ ਰਿਹਾ ਹੈ। ਪਹਿਲਾਂ ਕੈਨੇਡਾ ਦੇ ਸਕੂਲ ‘ਚ ਖ਼ਾਲਿਸਤਾਨ ਰਿਫਰੈਂਡਮ ਰੱਦ ਹੋਇਆ ਅਤੇ ਹੁਣ ਸਰੀ ‘ਚ ਵੀ ਇਹ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ।