ਭਤੀਜੇ ਸੰਦੀਪ ਨੂੰ ਕਾਂਗਰਸ ‘ਚੋਂ ਮੁਅੱਤਲ ਕੀਤੇ ਜਾਣ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ


ਚੰਡੀਗੜ੍ਹ – ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਬੋਹਰ ਤੋਂ ਵਿਧਾਇਕ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਹਾਈਕਮਾਨ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ’ਤੇ ਕਿਹਾ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਇਸ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਸੰਦੀਪ ਖੁਦਮੁਖਤਿਅਰ ਹੈ ਅਤੇ ਆਪਣੀ ਪਾਰਟੀ ਵਿਚ ਆਪਣੀ ਗੱਲ ਰੱਖੇਗਾ। ਪਰ ਇਸ ਮੁਅੱਤਲੀ ਲਈ ਜਾਰੀ ਪੱਤਰ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਕਾਂਗਰਸ ਦੀ ਸੋਚ ਦਾ ਪਤਾ ਲੱਗਦਾ ਹੈ।

ਦਰਅਸਲ ਸੰਦੀਪ ਜਾਖੜ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਜਿਸ ਸੰਯੁਕਤ ਘਰ ਵਿਚ ਉਹ ਰਹਿੰਦੇ ਹਨ, ਉਸ ’ਤੇ ਭਾਜਪਾ ਦਾ ਝੰਡਾ ਲੱਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੰਯੁਕਤ ਪਰਿਵਾਰ ਹਿੰਦੂ ਸੰਸਕਾਰ ਦਾ ਉਦਾਹਰਣ ਹੈ। ਉਨ੍ਹਾਂ ਦਾ 3 ਭਰਾਵਾਂ ਦੀਆਂ 3 ਪੀੜ੍ਹੀਆਂ ਤੋਂ ਸੰਯੁਕਤ ਪਰਿਵਾਰ ਹੈ। ਰਾਜਨੀਤਿਕ ਤੌਰ ’ਤੇ ਚਾਹੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭਤੀਜੇ ਦੇ ਰਸਤੇ ਵੱਖ ਹੋਣ ਪਰ ਉਹ ਸਾਰੇ ਲੋਕ ਸਾਂਝੇ ਪਰਿਵਾਰ ਵਿਚ ਰਹਿੰਦੇ ਹਨ, ਜਿਸ ਦਾ ਉਨ੍ਹਾਂ ਨੂੰ ਮਾਣ ਹੈ। ਦੇਸ਼ ਜੋੜਨ ਦੀ ਗੱਲ ਕਰਨ ਵਾਲੇ ਦੇਸ਼ ਨੂੰ ਕੀ ਜੋੜਨਗੇ, ਜਦੋਂ ਉਨ੍ਹਾਂ ਨੂੰ ਸੰਯੁਕਤ ਪਰਿਵਾਰ ਨਹੀਂ ਚੰਗਾ ਲੱਗ ਰਿਹਾ। ਕਾਂਗਰਸ ਨੇ ਤਾਂ ਆਪਣੇ ਗਠਜੋੜ ਦਾ ਨਾਮ ਵੀ ਹਿੰਦੀ ਦੀ ਬਜਾਏ ਅੰਗਰੇਜ਼ੀ ਵਿਚ ‘ਇੰਡੀਆ’ ਰੱਖਿਆ ਹੈ ਅਤੇ ਅੰਗਰੇਜ਼ਾਂ ਦੀ ਤਰਜ ’ਤੇ ਹੀ ਉਹ ਫੁੱਟ ਪਾਉਣ ਵਿਚ ਵਿਸ਼ਵਾਸ ਰੱਖਦੀ ਹੈ। ਸੰਦੀਪ ’ਤੇ ਉਨ੍ਹਾਂ ਦਾ ਬਚਾਅ ਕਰਨ ਦੇ ਦੋਸ਼ ’ਤੇ ਜਾਖੜ ਨੇ ਕਿਹਾ ਕਿ ਕਾਂਗਰਸ ਕੀ ਚਾਹੁੰਦੀ ਹੈ? ਪਰਿਵਾਰ ਵਿਚ ਇਕ-ਦੂਜੇ ਦਾ ਸਹਿਯੋਗ ਕਰਨਾ ਕੀ ਕਾਂਗਰਸ ਨੂੰ ਰਾਸ ਨਹੀਂ ਆ ਰਿਹਾ।

ਜਾਖੜ ਨੇ ਨਾਲ ਹੀ ਤੰਜ ਕੱਸਦਿਆਂ ਕਿਹਾ ਕਿ ਸੰਦੀਪ ਨੂੰ ਦਿੱਤਾ ਗਿਆ ਮੁਅੱਤਲੀ ਦਾ ਨੋਟਿਸ ਅਸਲ ਵਿਚ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਫੁੱਟ ਨਾਲ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ, ਜਿਸ ਵਿਚ ਨਿਸ਼ਾਨਾ ਕੋਈ ਹੋਰ ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬਾਜਵਾ ਦੇ ਘਰ ਵਿਚ 12 ਫੁੱਟ ’ਤੇ ਝੰਡਾ ਬਦਲ ਜਾਂਦਾ ਹੈ। ਕਾਂਗਰਸ ਦੀ ਫੁੱਟ ਦਾ ਜ਼ਿਕਰ ਕਰਦਿਆਂ ਜਾਖੜ ਨੇ ਜਦੋਂ ਭੋਆ ਵਿਚ ਸੂਬੇ ਦੇ ਇਕ ਮੰਤਰੀ ਖ਼ਿਲਾਫ਼ ਧਰਨਾ ਲਗਾਇਆ ਸੀ ਉਦੋਂ ਕਾਂਗਰਸ ਦੀ ਸੂਬਾ ਅਗਵਾਈ ਵਿਚ ਖਿੱਚੋਤਾਣ ਸਾਫ਼ ਨਜ਼ਰ ਆ ਗਈ ਸੀ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਉਸ ਦਿਨ ਪੂਰੇ ਪੰਜਾਬ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਦੀ ਖਿੱਚੋਤਾਣ ਵੇਖੀ ਸੀ। ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਭੋਆ ਦੇ ਸਾਬਕਾ ਵਿਧਾਇਕ ਨੇ ਜਦੋਂ ਇਕ ਨੇਤਾ ਨੂੰ ਮੰਚ ਤੋਂ ਆਪਣਾ ਰਾਜਨੀਤਿਕ ਗੁਰੂ ਦੱਸਿਆ ਉਦੋਂ ਕਾਂਗਰਸ ਪ੍ਰਧਾਨ ਦਾ ਰਵੱਈਆ ਕਿਵੇਂ ਸੀ। ਮੰਚ ਦੀ ਬਜਾਏ ਪ੍ਰਧਾਨ ਨੇ ਧਰਨੇ ਵਿਚ ਹੇਠਾਂ ਬੈਠਣਾ ਬਿਹਤਰ ਸਮਝਿਆ। ਹਾਲਾਂਕਿ ਬਾਅਦ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇਕ ਵਿਧਾਇਕ ਨੇ ਚੁਟਕੀ ਲੈਂਦਿਆਂ ਦੋਵਾਂ ਨੂੰ ਇਕੱਠੇ ਬੈਠਣ ਦੀ ਨਸੀਹਤ ਦਿੱਤੀ ਸੀ।

Leave a Reply

Your email address will not be published. Required fields are marked *