ਫਿਰੋਜ਼ਪੁਰ – ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਬੀ. ਐੱਸ. ਐੱਫ. ਦੇ ਸਾਂਝੇ ਆਪਰੇਸ਼ਨ ਦੌਰਾਨ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਬੀ. ਓ. ਪੀ. ਜੋਗਿੰਦਰ ਦੇ ਇਲਾਕੇ ‘ਚ ਪਾਕਿਸਤਾਨੀ ਨਸ਼ਾ ਤਸਕਰਾਂ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਤੇ ਬੀ. ਐੱਸ. ਐੱਫ. ਦੇ ਜਵਾਨਾ ਵਿਚਕਾਰ ਫਾਇਰਿੰਗ ਹੋਈ ਹੈ, ਜਿਸ ਦੌਰਾਨ ਇੱਕ ਪਾਕਿਸਤਾਨੀ ਸਮੱਗਲਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ ਅਤੇ ਪਾਕਿ ਸਮੱਗਲਰਾਂ ਵੱਲੋਂ ਲਿਆਂਦੀ ਗਈ ਕਰੀਬ 30 ਕਿੱਲੋ ਹੈਰੋਇਨ ਦੀ ਖ਼ੇਪ ,2 ਮੋਬਾਇਲ ਫੋਨ ਸਹਿਤ 2 ਪਾਕਿਸਤਾਨੀ ਸਮੱਗਲਰ ਫੜ੍ਹ ਲਏ ਗਏ ਹਨ। ਦੱਸਿਆ ਜਾਂਦਾ ਹੈ ਕਿ ਸਤਲੁਜ ਦਰਿਆ ‘ਚ ਆਏ ਹੜ੍ਹਾਂ ਦਾ ਫ਼ਾਇਦਾ ਚੁੱਕਦੇ ਹੋਏ ਪਾਕਿਸਤਾਨੀ ਤਸਕਰ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਦੀ ਇੱਕ ਵੱਡੀ ਖ਼ੇਪ ਪਹੁੰਚਾਉਣ ਲਈ ਦੇਰ ਰਾਤ ਆਏ ਸਨ ਅਤੇ ਕਾਫੀ ਸਮੇਂ ਤੋਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏ. ਆਈ. ਜੀ., ਸਰਦਾਰ ਲਖਬੀਰ ਸਿੰਘ, ਅਤੇ ਬੀ. ਐੱਸ. ਐੱਫ. ਨੂੰ ਇਸ ਗੱਲ ਦੀ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰ ਫਿਰੋਜ਼ਪੁਰ ਬਾਰਡਰ ਰਾਹੀਂ ਹੈਰੋਇਨ ਦੀ ਵੱਡੀ ਖ਼ੇਪ ਭਾਰਤੀ ਸਮੱਗਲਰਾਂ ਨੂੰ ਪਹੁੰਚਾਉਣ ਲਈ ਵੱਡੀ ਕੋਸ਼ਿਸ਼ ਕਰ ਰਹੇ ਹਨ।
ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏ. ਆਈ. ਜੀ. ਸਰਦਾਰ ਲਖਬੀਰ ਸਿੰਘ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਇਸ ਸੂਚਨਾ ਦੇ ਆਧਾਰ ‘ਤੇ ਚੌਕਸੀ ਵਧਾਈ ਹੋਈ ਸੀ ਅਤੇ ਇਹ ਜੁਆਇੰਟ ਇਸ ਖ਼ੇਪ ਦੇ ਆਉਣ ਦੀ ਉਡੀਕ ਕਰ ਰਹੀ ਸੀ ਅਤੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਸਮੱਗਲਰ ਅੱਜ ਦੇਰ ਰਾਤ ਹੈਰੋਇਨ ਦੀ ਵੱਡੀ ਖ਼ੇਪ ਭਾਰਤੀ ਤਸਕਰਾਂ ਨੂੰ ਦੇਣ ਲਈ ਆ ਰਹੇ ਹਨ ਤਾਂ ਜੁਆਇਟ ਟੀਮ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਜਦੋਂ ਉਨ੍ਹਾਂ ਨੇ ਸਾਂਝੀ ਟੀਮ ‘ਤੇ ਫਾਇਰਿੰਗ ਕੀਤੀ ਤਾਂ ਕਾਊਂਟਰ ਇੰਟੈਲੀਜੈਂਸ ਅਤੇ ਬੀ. ਐੱਸ. ਐੱਫ. ਨੇ ਜਵਾਬੀ ਫਾਇਰਿੰਗ ਕੀਤੀ। ਜਿਸ ਦੌਰਾਨ ਇੱਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਏ. ਆਈ. ਜੀ. ਲਖਬੀਰ ਸਿੰਘ ਦੀ ਅਗਵਾਈ ਵਿੱਚ ਪਿਛਲੇ ਕੁੱਝ ਦਿਨਾਂ ‘ਚ ਪਾਕਿਸਤਾਨ ਤੋਂ ਲਿਆਂਦੀ ਗਈ ਇੱਕ ਕੁਇੰਟਲ ਤੋਂ ਵੱਧ ਹੈਰੋਇਨ ਦੀ ਖੇਪ ਫ਼ੜ੍ਹਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਅਰਬਾਂ ਰੁਪਏ ਦੱਸੀ ਜਾਂਦੀ ਹੈ।