ਨਵੀਂ ਦਿੱਲੀ – ਨੇਪਾਲ ਤੋਂ ਆਯਾਤ ਕੀਤੇ ਗਏ ਲਗਭਗ ਪੰਜ ਟਨ ਟਮਾਟਰ ਅਜੇ ਰਸਤੇ ਵਿੱਚ ਹਨ। ਉੱਤਰ ਪ੍ਰਦੇਸ਼ ਵਿੱਚ ਇਸ ਦੀ ਵਿਕਰੀ ਵੀਰਵਾਰ ਨੂੰ 50 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ‘ਤੇ ਕੀਤੀ ਜਾਵੇਗੀ। ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। NCCF ਨੇ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ। NCCF ਆਯਾਤ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਤਰਫੋਂ ਟਮਾਟਰਾਂ ਦੀ ਘਰੇਲੂ ਖਰੀਦ ਵੀ ਕਰ ਰਹੀ ਹੈ ਅਤੇ ਖਪਤਕਾਰਾਂ ਨੂੰ ਇਸ ਦੀ ਵਿਕਰੀ ਰਿਆਇਤੀ ਦਰਾਂ ‘ਤੇ ਕਰ ਰਹੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ NCCF ਪ੍ਰਚੂਨ ਪੱਧਰ ‘ਤੇ ‘ਦਖਲਅੰਦਾਜ਼ੀ’ ਕਰ ਰਹੀ ਹੈ। NCCF ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸੇਫ ਚੰਦਰਾ ਨੇ ਦੱਸਿਆ ਕਿ, “ਅਸੀਂ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ। ਇਸ ਵਿੱਚੋਂ 3-4 ਟਨ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਵੰਡੇ ਗਏ। ਤਕਰੀਬਨ ਪੰਜ ਟਨ… ਟਰਾਂਜ਼ਿਟ ਵਿੱਚ ਹੈ ਅਤੇ ਇਸ ਦੀ ਵਿਕਰੀ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਟਮਾਟਰ ਜਲਦੀ ਖ਼ਰਾਬ ਹੋ ਜਾਂਦੇ ਹਨ। ਇਸ ਕਾਰਨ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਇਸ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਉੱਤਰ ਪ੍ਰਦੇਸ਼ ਵਿੱਚ ਆਯਾਤ ਕੀਤੇ ਅਤੇ ਸਥਾਨਕ ਤੌਰ ‘ਤੇ ਖਰੀਦੇ ਗਏ ਟਮਾਟਰਾਂ ਨੂੰ ਰਿਟੇਲ ਆਊਟਲੇਟਾਂ ਦੇ ਨਾਲ-ਨਾਲ ਚੋਣਵੇਂ ਸਥਾਨਾਂ ‘ਤੇ ਮੋਬਾਈਲ ਵੈਨਾਂ ਰਾਹੀਂ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮੁੱਖ ਉਤਪਾਦਕ ਰਾਜਾਂ ਦਿੱਲੀ-ਐੱਨਸੀਆਰ ਅਤੇ ਰਾਜਸਥਾਨ ਤੋਂ ਖਰੀਦੇ ਗਏ ਟਮਾਟਰਾਂ ਨੂੰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਆਇਤੀ ਦਰ ‘ਤੇ ਵੇਚਿਆ ਜਾ ਰਿਹਾ ਹੈ।
ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ
