ਪੰਜਾਬ ‘ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਜਾਰੀ ਕੀਤੇ ਇਹ ਆਦੇਸ਼


ਚੰਡੀਗੜ੍ਹ : ਪਹਾੜੀ ਸੂਬਿਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਨੂੰ ਲੈ ਕੇ ਖ਼ਤਰੇ ਦੀ ਘੰਟੀ ਵੱਜ ਗਈ ਹੈ। ਅਜਿਹੀ ਸਥਿਤੀ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਐੱਨ. ਡੀ. ਆਰ. ਐੱਫ. ਅਤੇ ਅਧਿਕਾਰੀਆਂ ਨੂੰ ਤੈਨਾਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਜਾਣਕਾਰੀ ਲਈ ਦੱਸ ਦਈਏ ਕੇ ਬੀਤੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਡੈਮ ਤੋਂ ਛੱਡੇ ਗਏ ਪਾਣੀ ਨੇ ਕੁਝ ਘੰਟਿਆਂ ’ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਹੜ੍ਹ ਵਰਗੇ ਹਾਲਾਤ ਨੂੰ ਦੇਖਦਿਆਂ ਰੋਪੜ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਤੋਂ ਮਦਦ ਮੰਗੀ ਹੈ। ਰੋਪੜ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੂਬਾ ਸਰਕਾਰ ਤੋਂ ਹੜ੍ਹ ਵਿਚ ਫਸੇ ਨਿਵਾਸੀਆਂ ਨੂੰ ਬਚਾਉਣ ਲਈ ਫ਼ੌਜ ਤੋਂ ਮਦਦ ਲੈਣ ਤੇ ਹੈਲੀਕਾਪਟਰ ਬੁਲਾਉਣ ਦੀ ਬੇਨਤੀ ਕੀਤੀ ਹੈ। ਇਕ ਅਧਿਕਾਰੀ ਦੇ ਅਨੁਸਾਰ ਸਰਕਾਰ ਨੇ ਇਸ ਮਾਮਲੇ ਨੂੰ ਰੱਖਿਆ ਮੰਤਰਾਲਾ ਕੋਲ ਚੁੱਕਿਆ ਹੈ।

ਉਧਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਭਾਖੜਾ ਡੈਮ ‘ਚ ਜ਼ਿਆਦਾ ਪਾਣੀ ਦੀ ਆਮਦ/ਚੜ੍ਹਨ ਕਾਰਨ ਦਰਿਆ ਦੇ ਨਾਲ ਲੱਗਦੇ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਪਿੰਡਾਂ ਬੇਲਾ ਧਿਆਨੀ, ਭਲਾਨ, ਭਨਾਮ, ਜਿੰਦਵੜੀ, ਦੱਸਗਰਾਈਂ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾ ਬੇਲਾ, ਗੋਹਲਣੀ ਵਿੱਚ ਪਾਣੀ ਆਉਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਪਿੰਡ ਪੁੱਜ ਰਿਹਾ ਹੈ, NDRF ਦੀਆਂ ਟੀਮਾਂ ਆ ਚੁੱਕੀਆਂ ਹਨ ਤੇ ਮੈਂ ਤੇ ਮੇਰੀ ਟੀਮ ਵੀ ਖੁਦ ਪਿੰਡਾਂ ਵਿੱਚ ਹਾਂ। ਸਮਾਂ ਰਹਿੰਦੇ ਜ਼ਿਆਦਾ ਪਾਣੀ ਵਾਲੇ ਪਿੰਡਾਂ ਦੇ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤੇ ਸੁਰੱਖਿਅਤ ਜਗ੍ਹਾ ‘ਤੇ ਸ਼ਿਫਟ ਹੋਣ। ਬੈਂਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਅਸੀਂ ਸਭ ਨੇ ਮਿਲ ਕੇ ਕਰਨਾ ਹੈ।

Leave a Reply

Your email address will not be published. Required fields are marked *