ਜਲੰਧਰ (ਪੁਨੀਤ)- 14 ਤੋਂ 16 ਅਗਸਤ ਤੱਕ ਹੋਣ ਵਾਲੀ ਹੜਤਾਲ ਅਤੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦੇ ਫੈਸਲੇ ਨੂੰ ਪਨਬੱਸ-ਪੀ. ਆਰ. ਟੀ. ਸੀ. ਨੇ ਯੂਨੀਅਨ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਬੱਸਾਂ ਸੁਚਾਰੂ ਰੂਪ ਵਿਚ ਚੱਲਣਗੀਆਂ ਅਤੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਯੂਨੀਅਨ ਦੀ ਸੂਬਾਈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਚੰਨਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦੇ ਮੱਦੇਨਜ਼ਰ ਹੜਤਾਲ ਫਿਲਹਾਲ ਵਾਪਸ ਲੈ ਲਈ ਗਈ ਹੈ।
ਹੜਤਾਲ ਦੇ ਮੱਦੇਨਜ਼ਰ ਯੂਨੀਅਨ ਵੱਲੋਂ ਐਤਵਾਰ ਰਾਤ 12 ਵਜੇ ਕੰਮਕਾਜ ਠੱਪ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਲੈ ਕੇ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸੇ ਲੜੀ ਤਹਿਤ ਯੂਨੀਅਨ ਵੱਲੋਂ ਐਤਵਾਰ ਸ਼ਾਮ 5 ਵਜੇ ਤੋਂ ਲੰਮੇ ਰੂਟ ਦੀਆਂ ਬੱਸਾਂ ਦੀ ਆਵਾਜਾਈ ਬੰਦ ਕਰਨ ਦੀ ਯੋਜਨਾ ਬਣਾ ਲਈ ਗਈ ਸੀ। ਹੜਤਾਲ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਸੀ. ਐੱਮ. ਦਫਤਰ ਵੱਲੋਂ ਦਖਲਅੰਦਾਜ਼ੀ ਕਰਦੇ ਹੋਏ ਹੜਤਾਲ ਦੀ ਯੋਜਨਾ ਨੂੰ ਵਿਚਾਲੇ ਹੀ ਰੁਕਵਾ ਦਿੱਤਾ ਗਿਆ। ਚਾਨਣ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਗਲੇ ਹਫ਼ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਗਈ ਹੈ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਯੂਨੀਅਨ ਵੱਲੋਂ ਮੀਟਿੰਗ ਬੁਲਾਈ ਗਈ, ਜਿਸ ਵਿਚ ਸਰਬ-ਸੰਮਤੀ ਨਾਲ ਹੜਤਾਲ ਦਾ ਪ੍ਰੋਗਰਾਮ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਰਣਨੀਤੀ ਤਹਿਤ ਐਤਵਾਰ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਕੀਤੀ ਜਾ ਰਹੀ ਸੀ, ਜਿਸ ਬਾਰੇ ਯਾਤਰੀਆਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ। ਇਸ ਕਾਰਨ ਬੱਸ ਸਟੈਂਡ ’ਤੇ ਯਾਤਰੀ ਪ੍ਰੇਸ਼ਾਨ ਦੇਖੇ ਗਏ। ਲੰਮੇ ਰੂਟਾਂ ’ਤੇ ਸਫ਼ਰ ਕਰਨ ਵਾਲੇ ਯਾਤਰੀ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋ ਗਏ।