ਮੋਹਾਲੀ ਪੁਲਸ ਵੱਲੋਂ ਬੱਬਰ ਖਾਲਸਾ ਦੇ ਮੈਂਬਰ ਸਣੇ 5 ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ


ਮੋਹਾਲੀ- ਮੋਹਾਲੀ ਪੁਲਸ ਨੇ ਬੱਬਰ ਖ਼ਾਲਸਾ ਦੇ ਮੈਂਬਰ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 2 ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਮੋਹਾਲੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 28 ਜੁਲਾਈ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ ਨਿੰਦੀ ਪੁੱਤਰ ਫਕੀਰ ਸਿੰਘ ਨੇ ਨਾਜਾਇਜ਼ ਪਿਸਤੌਲ ਰੱਖਿਆ ਹੋਇਆ ਹੈ । ਇਸ ’ਤੇ ਥਾਣਾ ਫੇਜ਼-1 ਮੋਹਾਲੀ ਵਿਖੇ ਮਾਮਲਾ ਦਰਜ ਕਰ ਕੇ ਮੁੱਢਲੀ ਤਫਤੀਸ਼ ਥਾਣੇਦਾਰ ਅਭਿਸ਼ੇਕ ਸ਼ਰਮਾ ਵਲੋਂ ਅਮਲ ਵਿਚ ਲਿਆਂਦੀ ਗਈ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨੂੰ ਸਮੇਤ ਪਿਸਤੌਲ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਇਹ ਪਿਸਤੌਲ ਯੂ. ਪੀ. ਦੇ ਮੁਸ਼ੇਰ ਸ਼ਹਿਰ ਤੋਂ 10,000 ਰੁਪਏ ਵਿਚ ਖਰੀਦਿਆ ਸੀ।
ਨਿੰਦੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਕ ਹੋਰ ਪਿਸਤੌਲ ਉਸ ਦੇ ਪਿੰਡ ਦੇ ਹੀ ਕੁਲਵੰਤ ਸਿੰਘ ਉਰਫ ਗੁੱਡੂ ਪੁੱਤਰ ਸਾਧੂ ਸਿੰਘ ਵਾਸੀ ਮਾਨਖੇੜੀ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਤੋਂ ਲਿਆ ਸੀ, ਜਿਸ ਦੇ ਆਧਾਰ ’ਤੇ ਕੁਲਵੰਤ ਸਿੰਘ ਨੂੰ ਮੁਕੱਦਮੇ ਉਕਤ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਅਤੇ ਨਿੰਦੀ ਤੋਂ ਉਸ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਦੇਸੀ ਪਿਸਤੌਲ ਸਮੇਤ 6 ਕਾਰਤੂਸ ਬਰਾਮਦ ਕੀਤੇ ਗਏ।
ਕੁਲਵੰਤ ਸਿੰਘ, ਜੋ ਕਿ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਸਬੰਧਤ ਹੈ, ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਹ ਪਿਸਤੌਲ ਅਮਰਿੰਦਰ ਸਿੰਘ ਉਰਫ ਕੈਪਟਨ ਵਾਸੀ ਸੈਕਟਰ-37 ਚੰਡੀਗੜ੍ਹ ਤੋਂ ਲਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਅਮਰਿੰਦਰ ਸਿੰਘ, ਲਵੀਸ਼ ਕੁਮਾਰ ਉਰਫ ਲਵੀ ਪੁੱਤਰ ਰਾਕੇਸ਼ ਕੁਮਾਰ ਵਾਸੀ #89 ਪ੍ਰੀਤ ਨਗਰ ਲੁਧਿਆਣਾ ਤੇ ਨਰਿੰਦਰ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੋਹਾਲੀ ਦੇ ਵੱਡੇ ਵਪਾਰੀ ਤੋਂ ਲੁੱਟ-ਖੋਹ ਕਰਨੀ ਸੀ।

ਅਮਰਿੰਦਰ ਸਿੰਘ ਦੇ ਸਾਥੀ ਪਰਮਪ੍ਰਤਾਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਵਾਰਡ ਨੰਬਰ. 4 ਜੰਮੂ ਬਸਤੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਜਿਸ ਨੇ ਪੁਲਸ ਪਾਰਟੀ ਤੋਂ ਅਮਰਿੰਦਰ ਸਿੰਘ ਉਰਫ ਕੈਪਟਨ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਭਜਾਉਣ ਦੀ ਕੋਸ਼ਿਸ਼ ਕੀਤੀ ਸੀ, ਨੂੰ ਵੀ ਮੌਕੇ ’ਤੇ ਨਾਮਜ਼ਦ ਕਰ ਕੇ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ।

Leave a Reply

Your email address will not be published. Required fields are marked *