ਮੋਗਾ/ਗੁਰਾਇਆ – ਅੱਜ ਚੜ੍ਹਦੀ ਸਵੇਰ ਐਨ.ਆਈ.ਏ. ਦੀਆਂ ਟੀਮਾਂ ਵੱਲੋਂ ਮੋਗਾ ਤੇ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਧੂਰਕੋਟ ਰਣਸੀਂਹ ਵਿਖੇ NIA ਦੀ ਰੇਡ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ NIA ਵੱਲੋਂ ਇਹ ਰੇਡ ਜਸਵਿੰਦਰ ਸਿੰਘ ਦੇ ਘਰ ਹੋਈ ਹੈ ਜਿਸਦਾ ਪਰਿਵਾਰ ਕਾਫ਼ੀ ਲੰਮੇ ਸਮੇਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਸੀ। ਇਸ ਪਰਿਵਾਰ ਦਾ ਪਿਛੋਕੜ ਮੋਗਾ ਦੇ ਪਿੰਡ ਰੋਡੇ ਤੋਂ ਦੱਸਿਆ ਜਾ ਰਿਹਾ ਹੈ।ਸੰਗਰੂਰ ਤੇ ਮਲੋਟ ਦੇ ਪਿੰਡਾਂ ਵਿੱਚ ਵੀ ਐਨ.ਆਈ.ਏ. ਵੱਲੋਂ ਛਾਪੇਮਾਰੀ ਦੀਆਂ ਖ਼ਬਰਾਂ ਹਨ। ਫ਼ਿਲਹਾਲ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਉਧਰ ਐੱਨ. ਆਈ. ਏ. ਦੀ ਟੀਮ ਨੇ ਅੱਜ ਸਵੇਰੇ ਸਾਢੇ 5 ਵਜੇ ਦੇ ਕਰੀਬ ਗੁਰਾਇਆ ਨੇੜੇ ਪਿੰਡ ਡੱਲੇਵਾਲ ‘ਚ ਦੋ ਘਰਾਂ ‘ਚ ਛਾਪੇਮਾਰੀ ਕਰਕੇ ਤਲਾਸ਼ੀ ਲਈ, ਜਿਸ ‘ਚ ਬਲਵਿੰਦਰ ਸਿੰਘ ਅਤੇ ਲਵਸ਼ਿੰਦਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਜੋ ਕਿ ਪਿਛਲੇ 35 ਸਾਲਾਂ ਤੋਂ ਇੰਗਲੈਂਡ ਵਿਚ ਰਹਿ ਰਿਹਾ ਹੈ, ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ, ਪਰ ਉਨ੍ਹਾਂ ਦੇ ਪਰਿਵਾਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੈ।
ਸਵੇਰੇ 5:30 ਵਜੇ ਐੱਨ. ਆਈ. ਏ. ਦੀ ਟੀਮ ਉਨ੍ਹਾਂ ਦੇ ਘਰ ਆਈ ਅਤੇ ਪੁੱਛ-ਪੜਤਾਲ ਕਰਦਿਆਂ ਉਸ ਦੇ ਮੁੰਡਾ ਦਾ ਫੋਨ ਨਾਲ ਲੈ ਗਈ। ਇਸ ਤੋਂ ਇਲਾਵਾ ਲਵਸ਼ਿੰਦਰ ਸਿੰਘ ਦੇ ਘਰ ‘ਚ ਵੀ ਪੁੱਛ ਗਿੱਛ ਕੀਤੀ ਗਈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ‘ਚ ਵੀ ਸਵੇਰੇ 3 ਵਜੇ ਦੇ ਕਰੀਬ ਕਿਸ਼ਨਗੜ੍ਹ ਦੇ ਕੋਲ ਦੌਲਤਪੁਰ ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਦੇ ਘਰ ਛਾਪੇਮਾਰੀ ਕੀਤੀ ਗਈ।