ਚੰਡੀਗੜ੍ਹ, 9 ਅਗਸਤ (ਦਲਜੀਤ ਸਿੰਘ)- ਐਤਵਾਰ ਅਤੇ ਪਿਛਲੇ ਕੁੱਝ ਦਿਨਾਂ ਤੋਂ ਪਏ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਐਤਵਾਰ ਨੂੰ ਪਾਣੀ ਦਾ ਪੱਧਰ 1162.30 ਫੁੱਟ ਦਰਜ ਕੀਤਾ ਗਿਆ ਪਰ ਪਾਣੀ ਦਾ ਇਹ ਪੱਧਰ ਜਿਵੇਂ ਹੀ 1162.60 ਫੁੱਟ ‘ਤੇ ਪੁੱਜਿਆ ਤਾਂ ਸੋਮਵਾਰ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ।
ਦੱਸਣਯੋਗ ਹੈ ਕਿ ਉਂਝ 1163 ਫੁੱਟ ਤੱਕ ਪਾਣੀ ਦਾ ਪੱਧਰ ਵਧਣ ‘ਤੇ ਇਹ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਪਰ ਪਿਛਲੀ ਵਾਰ ਪੰਜਾਬ ਦੇ ਬਲਟਾਣਾ ‘ਚ ਪਾਣੀ ਵੜ ਜਾਣ ਦੇ ਚੱਲਦਿਆਂ ਇਸ ਵਾਰ ਇਹ ਗੇਟ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਪਟਿਆਲਾ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਇਆ ਕਿ ਸੁਖਨਾ ਝੀਲ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਝੀਲ ‘ਤੇ ਵਿਭਾਗ ਦੇ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
3 ਸ਼ਿਫਟਾਂ ‘ਚ ਐਸ. ਡੀ. ਓ. ਵੀ ਤਾਇਨਾਤ ਕੀਤੇ ਹੋਏ ਹਨ। ਮੀਂਹ ਦੌਰਾਨ ਇਕ ਘੰਟੇ ‘ਚ ਸੁਖਨਾ ‘ਚ ਪਾਣੀ ਦੇ ਪੱਧਰ ਨੂੰ ਨੋਟ ਕਰਨ ਦੇ ਨਾਲ ਹੀ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ