ਅੰਮ੍ਰਿਤਸਰ, 9 ਅਗਸਤ (ਦਲਜੀਤ ਸਿੰਘ)- ਰਾਣਾ ਕੰਦੋਵਾਲੀਆਂ ਕਤਲ ਮਾਮਲੇ ‘ਚ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਨਨਿਤ ਸ਼ਰਮਾ ਉਰਫ ਸੌਰਵ ਹੈ। ਸੌਰਵ ਨੇ ਹੀ ਉਸ ਰਾਤ ਰਾਣਾ ਕੰਦੋਵਾਲਿਆ ਤੇ ਗੋਲੀ ਚਲਾਉਣ ਵਾਲੇ ਸ਼ੂਟਰ ਹੈਪੀ ਸ਼ਾਹ ਦਾ ਇਲਾਜ ਕਰਵਾਇਆ ਸੀ।
ਦਰਅਸਲ ਸ਼ਹਿਰ ‘ਚ ਰਾਣਾ ਕੰਦੋਵਾਲਿਆ ਸ਼ੂਟ ਆਊਟ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਨੂੰ ਵੀ ਗੋਲ਼ੀ ਲੱਗੀ ਸੀ। ਜ਼ਖ਼ਮੀ ਸ਼ੂਟਰ ਦਾ ਬਟਾਲਾ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ‘ਚ ਉਸੇ ਰਾਤ ਇਲਾਜ ਕਰਵਾਇਆ ਗਿਆ। ABP ਨਿਊਜ਼ ਦੇ ਕੋਲ ਸ਼ੂਟਰ ਹੈਪੀ ਸ਼ਾਹ ਦੇ ਇਲਾਜ ਦਾ CCTV ਫੁਟੇਜ ਮੌਜੂਦ ਹੈ।
ਅੰਮ੍ਰਿਤਸਰ ‘ਚ ਇਹ ਸ਼ੂਟਆਊਟ 3 ਅਗਸਤ ਨੂੰ ਰਾਤ ਕਰੀਬ ਸਾਢੇ ਵਜੇ ਹੋਇਆ। ਕੇ.ਡੀ. ਹਸਪਤਾਲ ਦੇ ਅੰਦਰ ਰਾਣਾ ਕੰਦੋਵਾਲਿਆ ਨੂੰ ਗੈਂਗਸਟਰ ਜੱਗੂ ਦੇ ਸ਼ੂਟਰਾਂ ਨੇ ਗੋਲ਼ੀ ਮਾਰੀ ਸੀ। ਕੰਦੋਵਾਲਿਆ ਦੇ ਇਕ ਸਾਥੀ ਨੇ ਬਚਾਅ ‘ਚ ਸ਼ੂਟਰਾਂ ‘ਤੇ ਆਪਣੇ ਲਾਇਸੰਸੀ ਹਥਿਆਰ ਨਾਲ ਜਵਾਬੀ ਫਾਇਰ ਕੀਤਾ।
ਜੱਗੂ ਗੈਂਗ ਦੇ ਸ਼ੂਟਰ ਹੈਪੀ ਸ਼ਾਹ ਨੂੰ ਇਕ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਸ਼ੂਟਰਾਂ ਨੇ ਆਪਣੇ ਬਾਕੀ ਸਾਥੀਆਂ ਨੂੰ ਖਬਰ ਕਰ ਦਿੱਤੀ। ਗੱਡੀਆਂ ਬਦਲ ਕੇ ਉਸੇ ਰਾਤ 10 ਵਜੇ ਸ਼ੂਟਰ ਹੈਪੀ ਸ਼ਾਹ ਨੂੰ ਲੈਕੇ ਬਟਾਲਾ ਦੇ ਜੌਹਲ ਹਸਪਤਾਲ ਪਹੁੰਚੇ। ਹਸਪਤਾਲ ‘ਚ ਹੈਪੀ ਦੇ ਮਲ੍ਹਮ ਪੱਟੀ ਕਰਵਾਈ ਗਈ।
ਹਸਪਤਾਲ ਦੇ ਜਿਸ ਕਮਰੇ ‘ਚ ਇਲਾਜ ਹੋਇਆ ਉੱਥੇ CCTV ‘ਚ ਜ਼ਖ਼ਮੀ ਸ਼ੂਟਰ ਹੈਪੀ ਸ਼ਾਹ ਕੈਦ ਹੋਇਆ। ਅੰਮ੍ਰਿਤਸਰ ਪੁਲਿਸ ਨੇ ਸ਼ੂਟਰਾਂ ਦੀ ਮਦਦ ਕਰਨ ਦੇ ਇਲਜ਼ਾਮ ‘ਚ ਨਨਿਤ ਸ਼ਰਮਾ ਉਰਫ ਸੌਰਭ ਨੂੰ ਗ੍ਰਿਫਤਾਰ ਕੀਤਾ ਹੈ। ਨਨਿਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੰਦੀਪ ਤੂਫਾਨ ਦਾ ਫੋਨ ਆਇਆ ਸੀ ਕਿ ਹੈਪੀ ਸ਼ਾਹ ਨੂੰ ਗੋਲੀ ਲੱਗੀ ਹੈ ਇਲਾਜ ਦੀ ਲੋੜ ਹੈ।
ਨਨਿਤ ਨੇ ਆਪਣੇ ਸਾਥੀਆਂ ਲਾਡੀ ਡੇਰੀਵਾਲਾ, ਸੁਖਰਾਜ ਮੱਲ੍ਹੀ, ਜਗਤਾਰ ਸਿੰਘ ਤੇ ਪ੍ਰਭਜੋਤ ਚੱਠਾ ਨਾਲ ਮਿਲ ਕੇ ਬਟਾਲਾ ਦੇ ਹਸਪਤਾਲ ‘ਚ ਇਲਾਜ ਦਾ ਇੰਤਜ਼ਾਮ ਕੀਤਾ ਤੇ ਸ਼ੂਟਰ ਫਰਸਟ ਏਡ ਮਿਲਣ ਮਗਰੋਂ ਬਟਾਲਾ ਤੋਂ ਫਰਾਰ ਹੋ ਗਏ।
ਪੁਲਿਸ ਨੇ ਕੁਝ ਹੋਰ ਮੁਲਜ਼ਮਾਂ ਦੀ ਵੀ ਸ਼ਨਾਖਤ ਕੀਤੀ ਹੈ। ਮਨਦੀਪ ਉਰਫ ਤੂਫਾਨ, ਜੋ ਕਤਲ ਦੀ ਵਾਰਦਾਤ ‘ਚ ਸ਼ਾਮਲ ਸੀ, ਪੁਲਿਸ ਨੇ ਉਸ ਦੀ ਸ਼ਨਾਖਤ ਕਰ ਲਈ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਪਹਿਲੇ ਦਿਨ ਹੀ ਨਾਮਜ਼ਦ ਕੀਤੇ ਜਗਰੋਸ਼ਨ ਤੇ ਮਨੀ ਰਈਆ ਤੋਂ ਬਾਅਦ ਦੋ ਹੋਰ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ, ਜਿੰਨ੍ਹਾਂ ਚੋਂ ਇਕ ਹੈਪੀ ਸ਼ਾਹ ਹੈ।