ਅਹਿਮਦਾਬਾਦ, ਰਾਜਸਥਾਨ ’ਚ ਬਿਪਰਜੋਏ ਚਕਰਵਾਤ ਦੀ ਐਂਟਰੀ ਤੋਂ ਬਾਅਦ ਬਾੜਮੇਰ ’ਚ ਤੇਜ਼ ਮੀਂਹ ਸ਼ੁਰੂ ਗਿਆ ਹੈ। ਬਾੜਮੇਰ ਦੇ ਸਰਹੱਦੀ ਪਿੰਡਾਂ ਤੋਂ 5000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਦੀਆਂ ਟੀਮਾਂ ਖਤਰੇ ਵਾਲੇ ਪਿੰਡਾਂ ਨੂੰ ਖਾਲੀ ਕਰਵਾ ਰਹੀਆਂ ਹਨ। ਚਕਰਵਾਤ ਦੇ ਕਾਰਨ ਸੂਬੇ ਦੇ ਜੈਸਲਮੇਰ, ਬਾੜਮੇਰ, ਜਾਲੋਰ, ਜੋਧਪੁਰ, ਪਾਲੀ ਅਤੇ ਸਿਰੋਹੀ ’ਚ ਸਭ ਤੋਂ ਵੱਧ ਖਤਰਾ ਹੈ। ਜੋਧਪੁਰ’ਚ 2 ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ। ਉੱਧਰ ਬਿਪਰਜੋਏ ਦਾ ਅਸਰ ਦਿੱਲੀ ’ਚ ਵੀ ਦਿਖਾਈ ਦਿੱਤਾ ਅਤੇ ਰਾਜਧਾਨੀ ਦੇ ਕਈ ਇਲਾਕਿਆਂ ’ਚ ਹਲਕੀ ਬੂੰਦਾਬਾਂਦੀ ਹੋਈ। ਰਾਜਸਥਾਨ ਦੇ 10 ਜ਼ਿਲਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਉੱਧਰ ਬਿਪਰਜੋਏ ਨੇ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਦੇ ਇਲਾਕਿਆਂ ’ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਨਾਲ ਬਿਜਲੀ ਦੇ 5120 ਖੰਬੇ ਨੁਕਸਾਨੇ ਗਏ ਹਨ ਅਤੇ 4600 ਪਿੰਡਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 3580 ਪਿੰਡਾਂ ’ਚ ਬਿਜਲੀ ਦੀ ਸਪਲਾਈ ਬਹਾਲ ਹੋ ਗਈ ਹੈ, ਜਦਕਿ 1000 ਤੋਂ ਵੱਧ ਪਿੰਡਾਂ ’ਚ ਅਜੇ ਵੀ ਬਿਜਲੀ ਬੰਦ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 600 ਦਰੱਖਤ ਜੜ੍ਹੋਂ ਉੱਖੜ ਗਏ ਹਨ ਅਤੇ ਸੂਬੇ ਦੇ 3 ਹਾਈਵੇਅ ਦਰੱਖਤ ਡਿੱਗਣ ਕਾਰਨ ਆਵਾਜਾਹੀ ਲਈ ਬੰਦ ਹੋ ਗਏ ਹਨ।
ਚਕਰਵਾਤੀ ਤੂਫਾਨ ਨਾਲ ਜੁੜੀਆਂ ਘਟਨਾਵਾਂ ’ਚ ਘੱਟ ਤੋਂ ਘੱਟ 23 ਲੋਕ ਜ਼ਖਮੀ ਹੋ ਗਏ ਹਨ, ਕਈ ਮਕਾਨ ਵੀ ਨੁਕਸਾਨੇ ਗਏ ਹਨ। ਸੂਬੇ ਦੇ ਰਾਹਤ ਕਮਿਸ਼ਨਰ ਆਲੋਕ ਕੁਮਾਰ ਪਾਂਡੇ ਨੇ ਗਾਂਧੀਨਗਰ ’ਚ ਕਿਹਾ,‘ਚਕਰਵਾਤੀ ਤੂਫਾਨ ਬਿਪਰਜੋਏ ਨਾਲ ਅਜੇ ਕਿਸੇ ਦੀ ਜਾਨ ਜਾਣ ਦੀ ਸੂਚਨਾ ਨਹੀਂ ਹੈ। ਇਹ ਸੂਬੇ ਲਈ ਸਭ ਤੋਂ ਵੱਧ ਰਾਹਤ ਦੀ ਗੱਲ ਹੈ। ਇਹ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸੰਭਵ ਹੋ ਸਕਿਆ ਹੈ।’ ਉਨ੍ਹਾਂ ਕਿਹਾ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜਿਆ ਗਿਆ ਹੈ।